ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹੇ ਵਿੱਚ ਆਵਾਜ਼ੀ ਪ੍ਰਦੂਸ਼ਣ, ਜ਼ਿਆਦਾ ਸ਼ੋਰ, ਉੱਚੀ ਆਵਾਜ਼ ਜਾਂ ਧਮਕ ਪੈਦਾ ਕਰਨ ਵਾਲੇ ਯੰਤਰਾਂ ਅਤੇ ਸੰਗੀਤਕ ਸਾਧਨਾਂ ਦੀ ਵਰਤੋਂ 'ਤੇ ਪਾਬੰਦੀ ਰਹੇਗੀ।
ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਕਿਆਂ ਅਤੇ ਫੁਲਝੜੀਆਂ 'ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਪ੍ਰੈਸ਼ਰ ਹਾਰਨ, ਵੱਖ-ਵੱਖ ਕਿਸਮ ਦੇ ਸੰਗੀਤਕ ਹਾਰਨ ਅਤੇ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ ਜਾਂ ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੇ ਹਾਰਨ ਵਜਾਉਣ 'ਤੇ ਵੀ ਪੂਰਨ ਪਾਬੰਦੀ ਹੋਵੇਗੀ। ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਅਜਿਹੇ ਹਾਰਨ, ਜੋ ਆਵਾਜ਼ੀ ਪ੍ਰਦੂਸ਼ਣ ਨਹੀਂ ਕਰਦੇ, ਹੀ ਨਿਰਧਾਰਤ ਆਵਾਜ਼ ਦੀ ਸੀਮਾ ਅੰਦਰ ਵਜਾਏ ਜਾ ਸਕਣਗੇ।
ਇਸ ਤੋਂ ਇਲਾਵਾ ਕਿਸੇ ਵੀ ਗੈਰ-ਸਰਕਾਰੀ ਇਮਾਰਤ, ਵਪਾਰਕ ਦੁਕਾਨ, ਜਨਤਕ ਥਾਂ, ਸਿਨੇਮਾ, ਮਾਲ, ਹੋਟਲ, ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿੱਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲਾ ਸੰਗੀਤ ਅਤੇ ਅਸ਼ਲੀਲ ਗੀਤ ਚਲਾਉਣ 'ਤੇ ਪੂਰਨ ਪਾਬੰਦੀ ਹੋਵੇਗੀ। ਸਾਈਲੈਂਸ ਜ਼ੋਨ, ਜਿਵੇਂ ਕਿ ਮੰਤਰਾਲਿਆਂ, ਜੰਗਲਾਤ ਖੇਤਰਾਂ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਸਮਰੱਥ ਅਧਿਕਾਰੀ ਵੱਲੋਂ ਸਾਈਲੈਂਸ ਜ਼ੋਨ ਐਲਾਨੇ ਗਏ ਕਿਸੇ ਵੀ ਇਲਾਕੇ ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ, ਪਟਾਕੇ, ਲਾਊਡ ਸਪੀਕਰ, ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੀ ਵਰਤੋਂ ਜਾਂ ਸਥਾਪਨਾ 'ਤੇ ਪੂਰਨ ਪਾਬੰਦੀ ਹੋਵੇਗੀ।
ਇਸੇ ਤਰ੍ਹਾਂ ਵਿਸ਼ੇਸ਼ ਹਾਲਾਤਾਂ ਅਤੇ ਮੌਕਿਆਂ 'ਤੇ ਪ੍ਰਬੰਧਕ ਧਾਰਮਿਕ ਸਥਾਨਾਂ ਜਾਂ ਪੰਡਾਲਾਂ ਵਿੱਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ ਪੈਲੇਸਾਂ ਵਿੱਚ ਡੀ.ਜੇ. ਜਾਂ ਆਰਕੈਸਟਰਾ, ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ਼ ਨੋਆਇਜ਼) ਐਕਟ, 1956 ਵਿੱਚ ਦਰਜ ਸ਼ਰਤਾਂ ਅਨੁਸਾਰ ਲਿਖਤੀ ਪ੍ਰਵਾਨਗੀ ਲਏ ਬਿਨਾਂ ਨਹੀਂ ਚਲਾ ਸਕਣਗੇ।
ਜਾਰੀ ਹੁਕਮਾਂ ਅਨੁਸਾਰ, ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਕਿਸੇ ਵੀ ਥਾਂ 'ਤੇ ਚਲਾਏ ਜਾਣ ਵਾਲੇ ਲਾਊਡ ਸਪੀਕਰਾਂ, ਡੀ.ਜੇ., ਸੰਗੀਤਕ ਯੰਤਰਾਂ, ਪਬਲਿਕ ਐਡਰੈੱਸ ਸਿਸਟਮ ਆਦਿ ਦੀ ਆਵਾਜ਼ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬੰਧਤ ਇਲਾਕੇ ਲਈ ਨਿਰਧਾਰਤ ਸ਼ੋਰ ਮਿਆਰਾਂ ਦੀ ਹੱਦ ਅੰਦਰ ਹੀ ਰਹੇਗੀ।
ਨਿਰਧਾਰਤ ਵੱਧ ਤੋਂ ਵੱਧ ਸ਼ੋਰ ਸੀਮਾ ਅਨੁਸਾਰ ਉਦਯੋਗਿਕ ਖੇਤਰਾਂ ਵਿੱਚ ਦਿਨ ਵੇਲੇ 75 ਡੀ.ਬੀ. (ਏ) ਅਤੇ ਰਾਤ ਵੇਲੇ 70 ਡੀ.ਬੀ. (ਏ), ਵਪਾਰਕ ਖੇਤਰਾਂ ਵਿੱਚ ਦਿਨ ਵੇਲੇ 65 ਡੀ.ਬੀ. (ਏ) ਅਤੇ ਰਾਤ ਵੇਲੇ 55 ਡੀ.ਬੀ. (ਏ), ਰਿਹਾਇਸ਼ੀ ਖੇਤਰਾਂ ਵਿੱਚ ਦਿਨ ਵੇਲੇ 55 ਡੀ.ਬੀ. (ਏ) ਅਤੇ ਰਾਤ ਵੇਲੇ 45 ਡੀ.ਬੀ. (ਏ), ਜਦਕਿ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੀ.ਬੀ. (ਏ) ਅਤੇ ਰਾਤ ਵੇਲੇ 40 ਡੀ.ਬੀ. (ਏ) ਤੋਂ ਵੱਧ ਨਹੀਂ ਹੋਵੇਗੀ।
ਇਨ੍ਹਾਂ ਪਾਬੰਦੀਆਂ ਲਈ ਦਿਨ ਦੇ ਸਮੇਂ ਦਾ ਮਤਲਬ ਸਵੇਰੇ 6:00 ਵਜੇ ਤੋਂ ਰਾਤ 10:00 ਵਜੇ ਤੱਕ ਹੋਵੇਗਾ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀਆਂ ਸਥਿਤੀਆਂ ਵਿੱਚ ਲਾਗੂ ਨਹੀਂ ਹੋਣਗੇ। ਇਹ ਹੁਕਮ 7 ਜਨਵਰੀ, 2027 ਤੱਕ ਲਾਗੂ ਰਹਿਣਗੇ।
