ਐੱਸ.ਏ.ਐੱਸ. ਨਗਰ, 7 ਨਵੰਬਰ:- ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ. ਨਗਰ ਵੱਲੋਂ ਪੰਜਾਬੀ ਮਹੀਨਾ-2026 ਤਹਿਤ ਉੱਘੇ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਨਾਲ ਵਿਸ਼ੇਸ਼ ਰੂ-ਬ-ਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੇ ਗੀਤ “ਧੰਨ ਲੇਖਾਰੀ ਨਾਨਕਾ” ਨਾਲ ਹੋਈ।

ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬੀ ਮਹੀਨਾ ਮਨਾਉਣ ਦੇ ਉਦੇਸ਼ਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸ਼ਵ ਦਰਸ਼ਨ, ਇਤਿਹਾਸ ਅਤੇ ਸਿੱਖ ਚਿੰਤਨ ਦੇ ਖੇਤਰ ਵਿੱਚ ਪ੍ਰੋ. ਹਰਪਾਲ ਸਿੰਘ ਪੰਨੂ ਦੇ ਮਹੱਤਵਪੂਰਨ ਯੋਗਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਰੂ-ਬ-ਰੂ ਦੌਰਾਨ ਪ੍ਰੋ. ਪੰਨੂ ਨੇ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ, ਦਰਸ਼ਨ ਅਤੇ ਸਿੱਖ ਚਿੰਤਨ ਨਾਲ ਸਬੰਧਤ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਾਤ-ਭਾਸ਼ਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਸਾਹਿਤ, ਇਤਿਹਾਸ ਅਤੇ ਗਿਆਨ ਪਰੰਪਰਾਵਾਂ ਦੇ ਅਧਿਐਨ ਰਾਹੀਂ ਆਪਣੇ ਸੱਭਿਆਚਾਰਕ ਅਤੇ ਬੌਧਿਕ ਵਿਰਸੇ ਨੂੰ ਡੂੰਘਾਈ ਨਾਲ ਸਮਝਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਾਹਿਤ ਪ੍ਰੇਮੀਆਂ, ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਦਾ ਸੈਸ਼ਨ ਵੀ ਕਰਵਾਇਆ ਗਿਆ। ਹਾਜ਼ਰ ਲੋਕਾਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸਵਾਲ ਪੁੱਛੇ, ਜਿਨ੍ਹਾਂ ਦੇ ਪ੍ਰੋ. ਪੰਨੂ ਨੇ ਵਿਸਥਾਰ ਨਾਲ ਜਵਾਬ ਦਿੱਤੇ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਦਰਸ਼ਨ ਕੌਰ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਪ੍ਰੋ. ਪੰਨੂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਨੇ ਕੀਤਾ। ਪ੍ਰੋਗਰਾਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਮੌਕੇ ਕੇ.ਐੱਸ. ਗੁਰੂ (ਸੇਵਾਮੁਕਤ ਆਈ.ਏ.ਐੱਸ.), ਪ੍ਰੋ. ਕੇਵਲਜੀਤ ਸਿੰਘ ‘ਕੰਵਲ’, ਮਨਦੀਪ ਰਿੰਪੀ, ਜਗਤਾਰ ਸਿੰਘ ਜੋਗ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸੁਰਜੀਤ ਸੁਮਨ, ਦਿਲਾਵਰ ਸਿੰਘ, ਡਾ. ਜਗਮੋਹਨ ਸਿੰਘ, ਬਲਜੀਤ ਕੌਰ ਬੁੱਟਰ, ਅਮਰਜੀਤ ਸਿੰਘ ਧਨੋਆ, ਹਰਜਿੰਦਰ ਕੌਰ ਧਨੋਆ, ਧਰਮਿੰਦਰ ਸਿੰਘ, ਤਰਲੋਚਨ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਜਤਿੰਦਰਪਾਲ ਸਿੰਘ, ਸੁਨੀਲਮ ਮੰਡ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫੀ ਦੇ ਸਿਖਿਆਰਥੀ ਹਾਜ਼ਰ ਸਨ।