ਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਨੌਸ਼ਹਿਰਾ ਪੰਨੂਆਂ ਨੇੜੇ ਤੀਰਥ ਯਾਤਰਾ ਦੀਆਂ ਦੋ ਬੱਸਾਂ ਦੀ ਟੱਕਰ ਵਿੱਚ ਚਾਰ ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਦਰਦਨਾਕ ਹਾਦਸੇ ’ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।
ਐਡਵੋਕੇਟ ਚੇਚੀ ਨੇ ਕਿਹਾ ਕਿ ਜਿਹੜੇ ਲੋਕ ਘਰੋਂ ਖੁਸ਼ੀ-ਖੁਸ਼ੀ ਧਾਰਮਿਕ ਯਾਤਰਾ ’ਤੇ ਗਏ ਸਨ, ਉਨ੍ਹਾਂ ਦਾ ਇਸ ਤਰ੍ਹਾਂ ਅਚਾਨਕ ਵਿਛੋੜਾ ਹਰ ਕਿਸੇ ਦਾ ਮਨ ਭਰ ਗਿਆ ਹੈ। ਪਰਿਵਾਰਾਂ ’ਤੇ ਜੋ ਦੁੱਖ ਦਾ ਪਹਾੜ ਟੁੱਟਿਆ ਹੈ, ਉਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਿਰਫ਼ ਅਫ਼ਸੋਸ ਜ਼ਾਹਰ ਕਰਨ ਤੱਕ ਸੀਮਤ ਨਾ ਰਹੀਏ, ਸਗੋਂ ਪੀੜਤ ਪਰਿਵਾਰਾਂ ਦੇ ਨਾਲ ਵਿਹਾਰਕ ਤੌਰ ’ਤੇ ਖੜ੍ਹੇ ਹੋਈਏ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਉਹ ਹਾਜ਼ਰ ਹਨ।
ਜ਼ਖ਼ਮੀਆਂ ਦੇ ਇਲਾਜ ਨੂੰ ਲੈ ਕੇ ਐਡਵੋਕੇਟ ਚੇਚੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਜ਼ਖ਼ਮੀ ਨੂੰ ਇਲਾਜ ਵਿੱਚ ਕੋਈ ਦਿੱਕਤ ਨਾ ਆਵੇ। ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਲਈ ਉਨ੍ਹਾਂ ਨੇ ਅਰਦਾਸ ਵੀ ਕੀਤੀ।
ਇਸ ਮੌਕੇ ਉਨ੍ਹਾਂ ਸੜਕ ਸੁਰੱਖਿਆ ਦੇ ਮੁੱਦੇ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਤੀਰਥ ਯਾਤਰਾ ਵਰਗੀਆਂ ਲੰਬੀਆਂ ਯਾਤਰਾਵਾਂ ਦੌਰਾਨ ਚਾਲਕਾਂ ਦੀ ਸਾਵਧਾਨੀ ਅਤੇ ਵਾਹਨਾਂ ਦੀ ਪੂਰੀ ਜਾਂਚ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਅੰਤ ਵਿੱਚ ਉਨ੍ਹਾਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਤਾਕਤ ਮਿਲਣ ਦੀ ਕਾਮਨਾ ਕੀਤੀ।
