ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਸ੍ਰੀ ਆਰ.ਐੱਮ. ਭੱਲਾ ਅਤੇ ਬੀ.ਐੱਡ. ਕਾਲਜ ਦੇ ਸਕੱਤਰ ਐਡਵੋਕੇਟ ਸ੍ਰੀ ਨਵਰੋਜ਼ ਸ਼ਰਮਾ ਦੇ ਮਾਰਗਦਰਸ਼ਨ ਅਤੇ ਡਾ. ਵਿਧੀ ਭੱਲਾ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਨੇ 10 ਤੋਂ 13 ਨਵੰਬਰ 2026 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸਰਗਰਮੀ ਨਾਲ ਵੱਧ-ਚੜ੍ਹ ਕੇ ਭਾਗ ਲਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ 2026 ਵਿੱਚ ਸਭ ਤੋਂ ਵੱਧ 220 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤਣ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਵੀ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ, ਜੋ ਬਹੁਤ ਮਾਣ ਵਾਲੀ ਗੱਲ ਹੈ।
ਮੇਲੇ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਰੱਸਾ ਮੇਕਿੰਗ ਵਿੱਚ ਰੋਹਿਤ, ਗੁੱਡੀਆਂ ਪਟੋਲੇ ਵਿੱਚ ਲਖਵੀਰ ਕੌਰ, ਖਿੱਦੋ ਮੇਕਿੰਗ ਵਿੱਚ ਭੁਪਿੰਦਰ ਕੌਰ ਅਤੇ ਬਾਗ ਵਿੱਚ ਪੱਲਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਰਾਂਦਾ ਮੇਕਿੰਗ ਵਿੱਚ ਬਿਪਾਸ਼ਾ, ਖਿੱਦੋ ਵਿੱਚ ਸ਼ੀਤਲ, ਰੱਸਾ ਮੇਕਿੰਗ ਵਿੱਚ ਗੁਰਪ੍ਰੀਤ ਸਿੰਘ, ਪੱਖੀ ਮੇਕਿੰਗ ਵਿੱਚ ਮਾਨਸੀ ਦੇਵੀ ਅਤੇ ਲੋਕ ਨਾਚ ਸੰਮੀ ਵਿੱਚ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਹਾਵਰੇਦਾਰ ਵਾਰਤਾਲਾਪ ਵਿੱਚ ਕਾਲਜ, ਫੁਲਕਾਰੀ ਵਿੱਚ ਸ਼ਿਵਾਨੀ, ਕਰੋਸ਼ੀਆ ਵਿੱਚ ਲਖਵੀਰ ਕੌਰ, ਲੋਕ ਆਰਕੈਸਟਰਾ ਵਿੱਚ ਨਵਦੀਪ, ਮਿਮਿਕਰੀ ਵਿੱਚ ਬਲਜੀਤ ਸਿੰਘ ਅਤੇ ਵਿਅਕਤੀਗਤ ਸੰਮੀ ਵਿੱਚ ਕੋਮਲਦੀਪ ਨੇ ਤੀਜਾ ਸਥਾਨ ਹਾਸਲ ਕੀਤਾ।
ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਅਧਿਆਪਕ ਸਿਖਲਾਈ ਦਾ ਕਾਲਜ ਹੋਣ ਦੇ ਬਾਵਜੂਦ ਪੀ.ਯੂ. ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ 15 ਇਨਾਮ ਪ੍ਰਾਪਤ ਕਰਨਾ ਕਾਲਜ ਦੀ ਇੱਕ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਜਿੱਤ ਲਈ ਕਾਲਜ ਦੀ ਪ੍ਰਿੰਸੀਪਲ ਡਾ. ਵਿਧੀ ਭੱਲਾ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਉਪ ਪ੍ਰਧਾਨ ਸ੍ਰੀ ਵਾਈ.ਪੀ. ਜੋਸ਼ੀ ਨੇ ਵੀ ਕਾਲਜ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ। ਸਕੱਤਰ ਸ੍ਰੀ ਆਰ.ਐੱਮ. ਭੱਲਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ।
ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਤੇ ਵੱਖ-ਵੱਖ ਮੁਕਾਬਲਿਆਂ ਦੇ ਅਧਿਆਪਕ ਇੰਚਾਰਜਾਂ ਦੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਅਗਾਂਹਵਧੂ ਸੋਚ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋ ਸਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਅੰਦਰਲੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਯੁਵਕ ਮੇਲੇ ਬਹੁਤ ਸਹਾਇਕ ਸਾਬਤ ਹੁੰਦੇ ਹਨ।
