ਭੁਬਨੇਸ਼ਵਰ/ਓਡੀਸ਼ਾ:- ਭਾਰਤ ਦੇ ਪੂਰਬੀ ਤੱਟ ’ਤੇ ਚੱਕਰਵਾਤੀ ਤੂਫ਼ਾਨ 'ਅਰਨਬ' ਵੱਲੋਂ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਤਬਾਹੀ ਮਚਾਉਣ ਤੋਂ ਇੱਕ ਦਿਨ ਬਾਅਦ, ਵੀਰਵਾਰ ਨੂੰ ਪੂਰਬੀ ਤੱਟ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਬਿਜਲੀ ਦੀ ਸਪਲਾਈ ਠੱਪ ਰਹੀ। ਮੀਡੀਆ ਰਿਪੋਰਟਾਂ ਵਿੱਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਮੌਤਾਂ ਦੀ ਗਿਣਤੀ ਨੌਂ ਦੱਸੀ ਗਈ ਹੈ। ਇਹ ਮੌਤਾਂ ਕਰੰਟ ਲੱਗਣ ਦੇ ਨਾਲ-ਨਾਲ ਰੁੱਖਾਂ ਅਤੇ ਮਕਾਨਾਂ ਦੇ ਡਿੱਗਣ ਕਾਰਨ ਹੋਈਆਂ ਹਨ।

ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰਤ ਤੌਰ ’ਤੇ ਮ੍ਰਿਤਕਾਂ ਦੀ ਗਿਣਤੀ ਛੇ ਸੀ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਵੱਲੋਂ ਅਤਿ ਗੰਭੀਰ ਚੱਕਰਵਾਤੀ ਤੂਫ਼ਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਚੱਕਰਵਾਤ 'ਅਰਨਬ' ਇਸ ਪੈਮਾਨੇ ਦੀ ਤੀਜੀ ਸਭ ਤੋਂ ਉੱਚੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਨੇ ਬੁੱਧਵਾਰ ਤੜਕੇ ਆਂਧਰਾ ਪ੍ਰਦੇਸ਼ ਦੇ ਤੱਟ ’ਤੇ ਦਸਤਕ ਦਿੱਤੀ।

ਰਾਜ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੇ ਹਵਾਲੇ ਨਾਲ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਚੱਕਰਵਾਤ ਕਾਰਨ ਘੱਟੋ-ਘੱਟ 15,000 ਬਿਜਲੀ ਦੇ ਖੰਭੇ ਨੁਕਸਾਨੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਨਾਸੀਮਾ ਅਤੇ ਪੱਛਮੀ ਗੋਦਾਵਰੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਨਾਇਡੂ ਨੇ ਕਿਹਾ ਕਿ ਤਕਨਾਲੋਜੀ ਵਿੱਚ ਤਰੱਕੀ ਨੇ ਸਰਕਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਪਛਾਣ ਕਰਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਦੇ ਯੋਗ ਬਣਾਇਆ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਤੱਟ ’ਤੇ ਫਸਿਆ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ ਇੱਕ ਮਾਲਵਾਹਕ ਜਹਾਜ਼, ਜਿਸ ਵਿੱਚ 20 ਕਰੂ ਮੈਂਬਰ ਸਵਾਰ ਸਨ, ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਕਾਰਨ ਵੀਰਵਾਰ ਨੂੰ ਵੀ ਫਸਿਆ ਰਿਹਾ।

ਚੱਕਰਵਾਤ ਦੇ ਆਉਣ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਵਿੱਚ 1,80,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਸੀ। ਕੁਝ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਕੁਝ ਰੇਲ ਤੇ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅਰਨਬ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਸੀ, ਜੋ ਚੱਕਰਵਾਤੀ ਤੂਫ਼ਾਨਾਂ ਦਾ ਇੱਕ ਮੁੱਖ ਖੇਤਰ ਹੈ ਅਤੇ ਇੱਥੋਂ ਉੱਠਣ ਵਾਲੇ ਤੂਫ਼ਾਨਾਂ ਨੇ ਭਾਰਤ ਦੇ ਪੂਰਬੀ ਤੱਟ ’ਤੇ ਪਹਿਲਾਂ ਵੀ ਭਿਆਨਕ ਤਬਾਹੀ ਮਚਾਈ ਹੈ।