ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਰੋਟਰੀ ਆਈ ਬੈਂਕ ਐਂਡ ਕੌਰਨੀਅਲ ਟਰਾਂਸਪਲਾਂਟੇਸ਼ਨ ਸੋਸਾਇਟੀ ਦੇ ਯਤਨਾਂ ਸਦਕਾ ਦੋ ਨੇਤਰਹੀਣ ਚਾਰ ਸਾਲਾ ਬੱਚੀਆਂ ਸਫ਼ਰਾ (ਪਿੰਡ ਡਘਾਮ) ਅਤੇ ਰਾਜਵੰਤੀ (ਪਿੰਡ ਬਾਗਵਾਈਂ) ਦਾ ਸਫ਼ਲ ਕੌਰਨੀਅਲ ਟਰਾਂਸਪਲਾਂਟੇਸ਼ਨ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਅਤੇ ਸਮਾਜਸੇਵੀ ਦਲਜੀਤ ਸਿੰਘ ਬੈਂਸ ਖੁਰਦਾ, ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ, ਤਹਿਸੀਲ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਪਰਿਵਾਰਕ ਮੈਂਬਰ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਬੈਂਸ, ਡਾ. ਤਰਸੇਮ ਸਿੰਘ ਅਤੇ ਡਾ. ਲਖਵਿੰਦਰ ਕੁਮਾਰ ਨੇ ਕਿਹਾ ਕਿ ਕਿਸੇ ਬੱਚੇ ਨੂੰ ਮੁੜ ਇਸ ਖੂਬਸੂਰਤ ਦੁਨੀਆ ਨੂੰ ਦੇਖਣ ਦਾ ਮੌਕਾ ਦੇਣ ਨਾਲ ਉਸ ਬੱਚੇ ਦੇ ਨਾਲ-ਨਾਲ ਪੂਰੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਨਵੀਂ ਉਮੀਦ ਆਉਂਦੀ ਹੈ। ਸਮਾਜ ਵਿੱਚੋਂ ਅੰਨ੍ਹੇਪਣ ਨੂੰ ਖ਼ਤਮ ਕਰਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਿੱਚ ਅਜਿਹੀਆਂ ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਨੇਤਰਦਾਨ ਪ੍ਰਤੀ ਜਾਗਰੂਕਤਾ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਮਾਜ ਦੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨ ਸੁਸਾਇਟੀ ਹੁਣ ਤੱਕ ਕੌਰਨੀਅਲ ਅੰਨ੍ਹੇਪਣ ਤੋਂ ਪੀੜਤ 4,188 ਲੋਕਾਂ ਦਾ ਕੌਰਨੀਆ ਟਰਾਂਸਪਲਾਂਟ ਕਰਵਾ ਕੇ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਲਿਆ ਚੁੱਕੀ ਹੈ। ਜਿਹੜੇ ਵਿਅਕਤੀ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ, ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ, ਤਹਿਸੀਲ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਸਮਾਜਸੇਵੀ ਦਲਜੀਤ ਸਿੰਘ ਬੈਂਸ ਖੁਰਦਾ, ਹੁਜੂਰਾ ਸਿੰਘ ਪੈਲੀ, ਓਂਕਾਰ ਸਿੰਘ ਚਾਹਲਪੁਰੀ, ਬੱਚੀਆਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਵੀ ਹਾਜ਼ਰ ਸਨ।
