ਅੰਬਾਲਾ, 26 ਸਤੰਬਰ:- ਅੰਬਾਲਾ ਸ਼ਹਿਰ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਗੁਰੂਗ੍ਰਾਮ ਤੋਂ ਜਲੰਧਰ ਜਾ ਰਹੀ ਇੱਕ ਇੰਟਰਸਿਟੀ ਸਮਾਰਟ ਬੱਸ ਦੀ ਭੀੜ-ਭੜੱਕੇ ਵਾਲੇ ਕਾਲਕਾ ਚੌਕ ਨੇੜੇ ਇੱਕ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਘਟਨਾ ਸਥਾਨ ’ਤੇ ਹਫੜਾ-ਦਫੜੀ ਮੱਚ ਗਈ। ਬੱਸ ਦੇ 40 ਸਾਲਾ ਕੰਡਕਟਰ ਛੋਟੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 10 ਤੋਂ ਵੱਧ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ। ਜਲੰਧਰ ਵਾਸੀ ਸੂਰਿਆ ਨਾਮ ਦੇ ਗੰਭੀਰ ਜ਼ਖ਼ਮੀ ਨੂੰ ਅਗਲੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਸ ਦਾ ਕਹਿਣਾ ਸੀ ਕਿ ਉਹ ਸਲੀਪਰ ਕੋਚ ਵਿੱਚ ਗੂੜ੍ਹੀ ਨੀਂਦ ਸੌਂ ਰਿਹਾ ਸੀ। ਜਦੋਂ ਉਹ ਜਾਗਿਆ ਤਾਂ ਉਹ ਆਪਣੇ ਆਪ ਨੂੰ ਹਸਪਤਾਲ ਦੇ ਬਿਸਤਰੇ ਵਿੱਚ ਦੇਖ ਕੇ ਹੈਰਾਨ ਰਹਿ ਗਿਆ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਭਿਆਨਕ ਹਾਦਸਾ ਕਦੋਂ, ਕਿਵੇਂ ਜਾਂ ਕਿੱਥੇ ਵਾਪਰਿਆ।
ਹਸਪਤਾਲ ਦੇ ਸਟਾਫ਼ ਅਨੁਸਾਰ ਇਹ ਘਟਨਾ ਸਵੇਰੇ 4:30 ਵਜੇ ਦੇ ਕਰੀਬ ਵਾਪਰੀ। ਹਸਪਤਾਲ ਪ੍ਰਸ਼ਾਸਨ ਤੋਂ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ 30 ਸਾਲਾ ਅਰਵਿੰਦ ਅਤੇ 33 ਸਾਲਾ ਨਿਹਾਰਿਕਾ ਵੀ ਹਾਦਸੇ ਵਿੱਚ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਲਦੇਵ ਨਗਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
