ਖਰੜ, 14 ਨਵੰਬਰ 2026:- ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਪੌਲੀਟੈਕਨਿਕ ਇਨੋਵੇਸ਼ਨ ਚੈਲੰਜ (ਅੰਤਰ-ਕਾਲਜ ਕਲੱਸਟਰ ਪੱਧਰੀ ਮੁਕਾਬਲੇ) ਕਾਲਜ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦੇ 10 ਪੌਲੀਟੈਕਨਿਕ ਕਾਲਜਾਂ ਦੀਆਂ 16 ਟੀਮਾਂ ਨੇ ਭਾਗ ਲੈਂਦਿਆਂ ਆਪਣੇ ਨਵੀਨਤਮ ਤਕਨੀਕੀ ਪ੍ਰੋਜੈਕਟ ਪੇਸ਼ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੀਡੀਆ ਇੰਚਾਰਜ ਪ੍ਰੋਫੈਸਰ ਗੁਰਬਖਸ਼ੀ ਸਿੰਘ ਅਟਾਲ ਅਤੇ ਦਿਵਿਆ ਜੋਤੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਪੌਲੀਟੈਕਨਿਕ ਵਿਦਿਆਰਥੀਆਂ ਵਿੱਚ ਨਵੀਨਤਮ ਤਕਨੀਕੀ ਸੋਚ, ਖੋਜ, ਸਿਰਜਣਾਤਮਕਤਾ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨਾ ਹੈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਜੈਕਟਾਂ ਵਿੱਚ ਖੇਤੀਬਾੜੀ, ਨਵਿਆਉਣਯੋਗ ਊਰਜਾ ਅਤੇ ਤਕਨੀਕੀ ਸੁਰੱਖਿਆ ਨਾਲ ਸਬੰਧਤ ਕਈ ਮਹੱਤਵਪੂਰਨ ਵਿਚਾਰ ਸ਼ਾਮਲ ਸਨ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ ਦੇ ਕਿਸਾਨਾਂ ਦੀ ਖੇਤੀਬਾੜੀ ਲਈ ਤਿਆਰ ਕੀਤੇ ਗਏ ਸਮਾਰਟ ਇਰੀਗੇਸ਼ਨ ਸਿਸਟਮ ਪ੍ਰੋਜੈਕਟ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਾਲਜ ਦੇ ਰਾਈਡਰਜ਼ ਗਾਰਡ 360 ਡਿਗਰੀ ਪ੍ਰੋਜੈਕਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸਰਕਾਰੀ ਪੌਲੀਟੈਕਨਿਕ ਕਾਲਜ ਰੋਪੜ ਦੇ ਰਿਨਿਊਏਬਲ ਐਨਰਜੀ ਐਂਡ ਬੈਟਰੀ ਮਾਨੀਟਰਿੰਗ ਮਾਡਲ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਰਕਸ਼ਾ ਕਿਰਨ ਨੇ ਜੇਤੂ ਵਿਦਿਆਰਥੀਆਂ ਅਤੇ ਸਮੁੱਚੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਵਿਹਾਰਕ ਹੁਨਰਾਂ ਨੂੰ ਨਿਖਾਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਉਤਸ਼ਾਹ ਅਤੇ ਲਗਨ ਨਾਲ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੇ ਤਕਨੀਕੀ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਨਵੀਨਤਮ ਕਾਢਾਂ ਰਾਹੀਂ ਸਵੈ-ਰੁਜ਼ਗਾਰ ਅਤੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਸਕਣ।
ਉਨ੍ਹਾਂ ਇਸ ਮੌਕੇ ਮੁਕਾਬਲਿਆਂ ਦੇ ਜਿਊਰੀ ਮੈਂਬਰਾਂ ਡਾ. ਨੀਰਜ ਮੋਹਨ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਮੁਹਾਲੀ, ਸ੍ਰੀ ਤੇਜਿੰਦਰ ਸਿੰਘ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਡਾ. ਮਨੀਸ਼ ਮਲਿਕ, ਵਿਗਿਆਨੀ, ਐਸ.ਜੀ. ਸੈਮੀਕੰਡਕਟਰ, ਸ੍ਰੀ ਭਰਤ ਕਾਲੜਾ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਸ੍ਰੀ ਜਗਪਾਲ ਸਿੰਘ, ਟੀਮ ਲੀਡਰ, ਸੈਮ ਟੈਕਨੋਲੋਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਊਰੀ ਮੈਂਬਰਾਂ ਨੇ ਆਪਣੇ ਕੀਮਤੀ ਸੁਝਾਵਾਂ ਅਤੇ ਤਕਨੀਕੀ ਮੁਲਾਂਕਣ ਰਾਹੀਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅੰਸ਼ੂ ਸ਼ਰਮਾ, ਮੁਖੀ ਇਲੈਕਟ੍ਰੀਕਲ ਵਿਭਾਗ, ਸ੍ਰੀ ਰਵਿੰਦਰ ਵਾਲੀਆ, ਮੁਖੀ ਕੰਪਿਊਟਰ ਵਿਭਾਗ, ਕਵਿਤਾ ਮੋਂਗਾ, ਮੁਖੀ ਅਪਲਾਈਡ ਸਾਇੰਸ ਵਿਭਾਗ, ਹਰਪ੍ਰੀਤ ਕੌਰ, ਮੁਖੀ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਅਤੇ ਸ੍ਰੀ ਸੰਜੀਵ ਜਿੰਦਲ, ਮੁਖੀ ਮਕੈਨੀਕਲ ਵਿਭਾਗ ਨੇ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਪ੍ਰੋਗਰਾਮ ਦੇ ਪ੍ਰਬੰਧਾਂ ਅਤੇ ਸਫ਼ਲ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।
ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀ ਤੇ ਅਧਿਆਪਕ ਵੀ ਮੌਜੂਦ ਸਨ।
