ਮਮਦੋਟ, 18 ਨਵੰਬਰ (ਗੁਰਮੇਜ ਸਿੰਘ):- ਡਾ. ਪਰਮਿੰਦਰ ਸਿੰਘ, ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰੇਖਾ ਭੱਟੀ, ਐੱਸ.ਐੱਮ.ਓ. ਮਮਦੋਟ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੱਖਾਂ ਹਾਜੀ ਵਿਖੇ ਮਲੇਰੀਆ ਅਤੇ ਡੇਂਗੂ ਵਰਗੀਆਂ ਘਾਤਕ ਬਿਮਾਰੀਆਂ ਤੋਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਦੌਰਾਨ ਅਮਰਜੀਤ, ਬੀ.ਈ.ਈ. ਵੱਲੋਂ ਬੱਚਿਆਂ ਨੂੰ ਮਲੇਰੀਆ ਬੁਖਾਰ ਦੇ ਲੱਛਣਾਂ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀ ਵਰਤ ਕੇ ਹੀ ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
ਮਲੇਰੀਆ ਬੁਖਾਰ ਦੇ ਮੁੱਖ ਲੱਛਣ: ਤੇਜ਼ ਬੁਖਾਰ ਅਤੇ ਕੰਬਣੀ ਮਲੇਰੀਆ ਦੇ ਮੁੱਖ ਲੱਛਣ ਹਨ। ਮਲੇਰੀਆ ਹੋਣ ’ਤੇ ਮਰੀਜ਼ ਨੂੰ ਬਹੁਤ ਤੇਜ਼ ਬੁਖਾਰ ਚੜ੍ਹਦਾ ਹੈ ਅਤੇ ਨਾਲ ਹੀ ਤੇਜ਼ ਕੰਬਣੀ ਲੱਗਦੀ ਹੈ। ਬੁਖਾਰ ਦੇ ਨਾਲ ਸਿਰਦਰਦ, ਸਰੀਰ ਅਤੇ ਸਿਰ ਵਿੱਚ ਤੇਜ਼ ਦਰਦ, ਜੀਅ ਕੱਚਾ ਹੋਣਾ ਜਾਂ ਉਲਟੀਆਂ ਆਉਣਾ ਵੀ ਇਸ ਦੇ ਮੁੱਖ ਲੱਛਣ ਹਨ। ਬੁਖਾਰ ਉਤਰਨ ਵੇਲੇ ਮਰੀਜ਼ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਸਰੀਰ ਵਿੱਚ ਭਾਰੀ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਬਿਮਾਰੀ ਤੋਂ ਬਚਾਅ ਦੇ ਤਰੀਕੇ: ਘਰਾਂ ਦੇ ਅੰਦਰ ਜਾਂ ਆਲੇ-ਦੁਆਲੇ, ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਫਰਿੱਜਾਂ ਦੀਆਂ ਪਿਛਲੀਆਂ ਟਰੇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਹਰ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਸਾਰੇ ਪਾਣੀ ਵਾਲੇ ਬਰਤਨਾਂ ਅਤੇ ਕੂਲਰਾਂ ਨੂੰ ਖਾਲੀ ਕਰਕੇ ਚੰਗੀ ਤਰ੍ਹਾਂ ਸੁਕਾਓ। ਇਸ ਨੂੰ 'ਡ੍ਰਾਈ ਡੇਅ' ਵਜੋਂ ਮਨਾਓ, ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ। ਮੱਛਰਾਂ ਦੇ ਕੱਟਣ ਤੋਂ ਬਚਣ ਲਈ ਅਜਿਹੇ ਕੱਪੜੇ ਪਾਓ ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ।
ਇਸ ਮੌਕੇ ਅਮਰਜੀਤ, ਬੀ.ਈ.ਈ. ਮਮਦੋਟ ਵੱਲੋਂ ਸਕੂਲੀ ਬੱਚਿਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਮੈਡੀਕਲ ਸਟੋਰਾਂ ਤੋਂ ਖੁਦ ਦਵਾਈਆਂ ਲੈਣ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜਾ ਕੇ ਖੂਨ ਦੀ ਜਾਂਚ ਕਰਵਾਉਣ। ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆ ਦੇ ਟੈਸਟ ਅਤੇ ਇਸ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਨੀਤੂ ਕੁਮਾਰੀ ਮੈਡਮ, ਲੱਛਮੀ ਬਾਈ, ਸਕੂਲ ਅਧਿਆਪਕਾ ਸੀਮਾ ਅਤੇ ਬੱਚੇ ਹਾਜ਼ਰ ਸਨ।
