ਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਐਸਬੀਐਸ ਨਗਰ ਵਿਖੇ ਨਵਾਂ ਮੈਡੀਕਲ ਕਾਲਜ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਆਪਣੇ ਬਿਆਨ ਵਿੱਚ ਐਡਵੋਕੇਟ ਚੇਚੀ ਨੇ ਕਿਹਾ ਕਿ ਨਵਾਂਸ਼ਹਿਰ ਵਿੱਚ ਬਣਨ ਜਾ ਰਿਹਾ ਮੈਡੀਕਲ ਕਾਲਜ ਸਾਡੇ ਜ਼ਿਲ੍ਹੇ ਲਈ ਬਹੁਤ ਵੱਡੀ ਸੌਗਾਤ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਮਾਨ ਦੇ ਧੰਨਵਾਦੀ ਹਾਂ, ਕਿਉਂਕਿ ਲੰਬੇ ਸਮੇਂ ਤੋਂ ਚੱਲ ਰਹੀ ਇਹ ਮੰਗ ਹੁਣ ਪੂਰੀ ਹੋਈ ਹੈ।
ਐਡਵੋਕੇਟ ਚੇਚੀ ਨੇ ਕਿਹਾ ਕਿ ਇਹ ਪ੍ਰਾਜੈਕਟ 160 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ। ਇਸ ਨਾਲ ਹਰ ਸਾਲ 50 ਐਮਬੀਬੀਐਸ ਸੀਟਾਂ ਦੀ ਸਹੂਲਤ ਮਿਲੇਗੀ, ਜਿਨ੍ਹਾਂ ਵਿੱਚੋਂ 50 ਫੀਸਦੀ ਸੀਟਾਂ ਸਰਕਾਰੀ ਕੋਟੇ ਅਧੀਨ ਰਾਖਵੀਆਂ ਹੋਣਗੀਆਂ। ਇਸ ਨਾਲ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 150 ਬੈੱਡਾਂ ਵਾਲੇ ਹਸਪਤਾਲ ਨੂੰ ਵਧਾ ਕੇ 220 ਬੈੱਡਾਂ ਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 30 ਬੈੱਡਾਂ ਵਾਲੀ ਸੁਪਰ ਸਪੈਸ਼ਲਿਟੀ ਕਾਰਡੀਐਕ ਕੇਅਰ ਯੂਨਿਟ ਵੀ ਬਣਾਈ ਜਾਵੇਗੀ, ਜਿੱਥੇ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਦੀ ਸਹੂਲਤ ਮਿਲੇਗੀ। ਇਸ ਨਾਲ ਦਿਲ ਦੇ ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ।
ਐਡਵੋਕੇਟ ਚੇਚੀ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਦੁਆਬੇ ਨੂੰ ਦੀਵਾਲੀ ਦਾ ਇਹ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮੈਡੀਕਲ ਕਾਲਜ ਬਣਨ ਨਾਲ ਨਾ ਸਿਰਫ਼ ਸਿਹਤ ਸਹੂਲਤਾਂ ਵਿੱਚ ਵਾਧਾ ਹੋਵੇਗਾ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਅਤੇ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜ਼ਿਲ੍ਹੇ ਦੇ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ।
