ਪਟਿਆਲਾ, 14 ਨਵੰਬਰ (ਪਰਮਜੀਤ ਸਿੰਘ ਪਰਵਾਨਾ):- ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਦੀ ਗਣਨਾ) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਆਫ਼ ਸੈਂਸਿਜ਼ ਓਪਰੇਸ਼ਨਜ਼, ਪੰਜਾਬ ਦੇ ਮੁੱਖ ਦਫ਼ਤਰ ਤੋਂ ਆਏ ਅਧਿਕਾਰੀਆਂ ਵੱਲੋਂ ਅੱਜ ਖੁਦ ਸੈਂਸਿਜ਼ ਚਾਰਜ ਦਫ਼ਤਰਾਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ ’ਤੇ ਪ੍ਰਸ਼ਾਸਨਿਕ ਅਤੇ ਡਿਜੀਟਲ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਨ੍ਹਾਂ ਅਧਿਕਾਰੀਆਂ ਵਿੱਚ ਰੇਨੂ, ਸਹਾਇਕ ਡਾਇਰੈਕਟਰ; ਪਿੰਕੀ ਰਾਵਤ, ਐਸ.ਆਈ. ਗ੍ਰੇਡ-II; ਅਮਨ ਕੁਮਾਰ ਬਲੀਹਾਰ, ਜ਼ਿਲ੍ਹਾ ਕੋਆਰਡੀਨੇਟਰ, ਪਟਿਆਲਾ ਅਤੇ ਜਸਵਿੰਦਰ ਕੌਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਪਟਿਆਲਾ ਸ਼ਾਮਲ ਸਨ।

ਇਸ ਫੀਲਡ ਜਾਂਚ ਦੌਰਾਨ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਤਹਿਸੀਲ ਪਟਿਆਲਾ, ਤਹਿਸੀਲ ਰਾਜਪੁਰਾ ਅਤੇ ਨਗਰ ਕੌਂਸਲ ਰਾਜਪੁਰਾ ਦਾ ਦੌਰਾ ਕਰਕੇ ਮੌਕੇ ’ਤੇ ਡਿਜੀਟਲ ਮੈਪਿੰਗ ਅਤੇ ਸਟਾਫ਼ ਦੀ ਸਿਖਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ।

ਇਸ ਦੌਰੇ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਫੀਲਡ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਵੰਡੇ ਜਾ ਰਹੇ ਨਿਯੁਕਤੀ ਪੱਤਰਾਂ ਦੀ ਵੀ ਜਾਂਚ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਹਰੇਕ ਫੀਲਡ ਕਰਮਚਾਰੀ ਕੋਲ ਡਿਊਟੀ ਦੌਰਾਨ ਅਧਿਕਾਰਤ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਕਾਰਡ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਸਮੇਂ ਕਿਸੇ ਕਿਸਮ ਦੀ ਸ਼ੰਕਾ ਨਾ ਰਹੇ।

ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲਗਾਏ ਗਏ ਵਿਸ਼ੇਸ਼ ਜਨਗਣਨਾ ਸੂਚਨਾ ਸਟਾਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਟਾਲ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ।

ਡਾਇਰੈਕਟੋਰੇਟ ਦੇ ਨੁਮਾਇੰਦੇ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਇਹ 16ਵੀਂ ਰਾਸ਼ਟਰੀ ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਹੈ, ਇਸ ਲਈ ਐਪਲੀਕੇਸ਼ਨਾਂ ਵਿੱਚ ਡੇਟਾ ਦੀ ਸ਼ੁੱਧਤਾ ਸਭ ਤੋਂ ਅਹਿਮ ਹੈ। ਅਧਿਕਾਰੀਆਂ ਨੇ ਪਟਿਆਲਾ ਅਤੇ ਰਾਜਪੁਰਾ ਦੇ ਤਹਿਸੀਲ, ਨਗਰ ਕੌਂਸਲ ਅਤੇ ਯੂਨੀਵਰਸਿਟੀ ਖੇਤਰਾਂ ਵਿੱਚ ਕੀਤੇ ਗਏ ਜ਼ਮੀਨੀ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਈ।

ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਫੀਲਡ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਸਹੀ ਜਾਣਕਾਰੀ ਦੇ ਕੇ ਪੂਰਾ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਜਾਂ ਸਮੱਸਿਆ ਦੇ ਹੱਲ ਲਈ ਨਾਗਰਿਕ ਅਧਿਕਾਰਤ ਟੋਲ-ਫ੍ਰੀ ਰਾਸ਼ਟਰੀ ਹੈਲਪਲਾਈਨ ਨੰਬਰ 1855 ’ਤੇ ਸੰਪਰਕ ਕਰ ਸਕਦੇ ਹਨ।