ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜਨਗਣਨਾ ਵਿਭਾਗ ਚੰਡੀਗੜ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਾਂਝੇ ਯਤਨਾਂ ਸਦਕਾ ਐੱਸ.ਜੀ.ਜੀ.ਐੱਸ. ਖਾਲਸਾ ਕਾਲਜ ਮਾਹਿਲਪੁਰ ਵਿਖੇ ਚਾਰ ਰੋਜ਼ਾ ਯੁਵਕ ਮੇਲੇ ਦੌਰਾਨ ਜਨਗਣਨਾ-2027 ਸਬੰਧੀ ਵਿਸ਼ੇਸ਼ ਜਾਗਰੂਕਤਾ ਸਟਾਲ ਲਗਾਇਆ ਗਿਆ। ਇਸ ਸਟਾਲ ਰਾਹੀਂ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਆਗਾਮੀ ਜਨਗਣਨਾ ਦੇ ਦੂਜੇ ਪੜਾਅ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ।
ਇਹ ਉਪਰਾਲਾ ਡਿਪਟੀ ਕਮਿਸ਼ਨਰ-ਕਮ-ਪ੍ਰਮੁੱਖ ਜਨਗਣਨਾ ਅਧਿਕਾਰੀ ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ.; ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਜਨਗਣਨਾ ਅਧਿਕਾਰੀ ਸ੍ਰੀ ਰਾਕੇਸ਼ ਕੁਮਾਰ ਮੀਣਾ, ਆਈ.ਏ.ਐੱਸ.; ਅਤੇ ਐੱਸ.ਡੀ.ਐੱਮ. ਗੜ੍ਹਸ਼ੰਕਰ ਸ੍ਰੀ ਸੰਜੀਵ ਕੁਮਾਰ ਗੌੜ, ਪੀ.ਸੀ.ਐੱਸ. ਦੀ ਅਗਵਾਈ ਹੇਠ ਕੀਤਾ ਗਿਆ।
ਜਾਗਰੂਕਤਾ ਸਟਾਲ ਦੌਰਾਨ ਲੋਕਾਂ ਨੂੰ ਜਨਗਣਨਾ-2027 ਦੀ ਮਹੱਤਤਾ, ਸਵੈ-ਗਣਨਾ ਦੀ ਸਹੂਲਤ ਅਤੇ ਆਉਣ ਵਾਲੀ ਆਬਾਦੀ ਗਣਨਾ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਇਸ ਮੌਕੇ ਸਵੈ-ਗਣਨਾ ਦੀ ਸਹੂਲਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਹ ਸਹੂਲਤ ਪੰਜਾਬ ਵਿੱਚ 16 ਨਵੰਬਰ ਤੋਂ 30 ਨਵੰਬਰ 2026 ਤੱਕ ਉਪਲਬਧ ਰਹੇਗੀ। ਇਸ ਤਹਿਤ ਨਾਗਰਿਕ ਆਪਣੇ ਘਰ ਬੈਠੇ ਹੀ ਆਨਲਾਈਨ ਪੋਰਟਲ https://se.census.gov.in 'ਤੇ ਜਾ ਕੇ ਆਪਣੇ ਪਰਿਵਾਰ ਅਤੇ ਘਰ ਨਾਲ ਸਬੰਧਤ ਜਾਣਕਾਰੀ ਦਰਜ ਕਰ ਸਕਣਗੇ। ਸਫਲਤਾਪੂਰਵਕ ਜਾਣਕਾਰੀ ਭਰਨ ਤੋਂ ਬਾਅਦ ਇੱਕ ਸਵੈ-ਗਣਨਾ ਆਈ.ਡੀ. ਜਾਰੀ ਹੋਵੇਗੀ, ਜਿਸ ਨੂੰ ਬਾਅਦ ਵਿੱਚ ਘਰ ਆਉਣ ਵਾਲੇ ਜਨਗਣਨਾ ਕਰਮਚਾਰੀ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ।
ਇਸ ਮੌਕੇ ਸ੍ਰੀ ਲਵਦੀਪ ਸਿੰਘ ਧੂਤ (ਪੀ.ਆਰ.ਐੱਸ.), ਤਹਿਸੀਲਦਾਰ-ਕਮ-ਚਾਰਜ ਅਫ਼ਸਰ ਗੜ੍ਹਸ਼ੰਕਰ/ਮਾਹਿਲਪੁਰ (ਦਿਹਾਤੀ) ਨੇ ਦੱਸਿਆ ਕਿ ਜਨਗਣਨਾ ਦੇ ਲੰਬੇ ਇਤਿਹਾਸ, ਜੋ ਸਾਲ 1881 ਤੋਂ ਸ਼ੁਰੂ ਹੋਇਆ ਸੀ, ਵਿੱਚ ਪਹਿਲੀ ਵਾਰ ਆਮ ਲੋਕਾਂ ਲਈ ਸਵੈ-ਗਣਨਾ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਅਤੇ ਮਾਹਿਲਪੁਰ ਤਹਿਸੀਲਾਂ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਵਿੱਚ ਸਵੈ-ਗਣਨਾ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਇਨ੍ਹਾਂ ਤਹਿਸੀਲਾਂ ਅਤੇ ਜ਼ਿਲ੍ਹੇ ਦੀ ਰਾਸ਼ਟਰੀ ਪੱਧਰ 'ਤੇ ਪਛਾਣ ਅਤੇ ਸਾਖ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ। ਇਹ ਇਲਾਕੇ ਦੀ ਉੱਚ ਸਾਖਰਤਾ ਦਰ ਨੂੰ ਦਰਸਾਉਣ ਦਾ ਵੀ ਇੱਕ ਵਧੀਆ ਮੌਕਾ ਹੈ।
ਉਨ੍ਹਾਂ ਦੱਸਿਆ ਕਿ ਆਬਾਦੀ ਗਣਨਾ ਦਾ ਮੈਦਾਨੀ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ, ਜਦਕਿ 5 ਜਨਵਰੀ ਤੋਂ 9 ਜਨਵਰੀ 2027 ਤੱਕ ਸੋਧ ਪੜਾਅ ਚਲਾਇਆ ਜਾਵੇਗਾ। ਇਸ ਦੌਰਾਨ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਲੋੜੀਂਦੀ ਜਾਣਕਾਰੀ ਇਕੱਤਰ ਕਰਨਗੇ।
ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਵੈ-ਗਣਨਾ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਨਲਾਈਨ ਪ੍ਰਾਪਤ ਹੋਈ ਆਈ.ਡੀ. ਜਨਗਣਨਾ ਕਰਮਚਾਰੀ ਨਾਲ ਜ਼ਰੂਰ ਸਾਂਝੀ ਕਰਨ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ, ਇੱਕੋ ਜਾਣਕਾਰੀ ਨੂੰ ਵਾਰ-ਵਾਰ ਦਰਜ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਗਣਨਾ ਦਾ ਕੰਮ ਹੋਰ ਤੇਜ਼, ਸੁਚਾਰੂ ਅਤੇ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇਗਾ।
ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਜਨਗਣਨਾ ਜਾਗਰੂਕਤਾ ਦੇ ਦੂਤ ਵਜੋਂ ਜੋੜਨਾ ਅਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਹੈ, ਤਾਂ ਜੋ ਜਨਗਣਨਾ-2027 ਦੀ ਪ੍ਰਕਿਰਿਆ ਨੂੰ ਸਫਲ ਬਣਾਇਆ ਜਾ ਸਕੇ।
