ਨਵਾਂਸ਼ਹਿਰ/ਕਾਠਗੜ੍ਹ, 13 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਰਾਏਪੁਰ ਨੰਗਲ ਦੇ ਨੇੜੇ ਪੈਟਰੋਲ ਪੰਪ ਕੋਲ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਤੋਂ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਇੱਕ ਕਾਰ, ਜਿਸ ਦਾ ਨੰਬਰ CH 01 AS 3802 ਸੀ, ਹਾਦਸਾਗ੍ਰਸਤ ਹੋਈ ਪਈ ਸੀ। ਇਸ ਕਾਰ ਨੂੰ ਜਲੰਧਰ ਵਾਸੀ ਮੂਲਖ ਰਾਜ ਦਾ ਪੁੱਤਰ ਸੰਜੀਵ ਕੁਮਾਰ ਚਲਾ ਰਿਹਾ ਸੀ।

ਇਹ ਕਾਰ ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਸੀ। ਜਦੋਂ ਇਹ ਰਾਏਪੁਰ ਨੰਗਲ ਦੇ ਸਾਹਮਣੇ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਅਚਾਨਕ ਕਾਰ ਦਾ ਸਟੀਅਰਿੰਗ ਖ਼ਰਾਬ ਹੋ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ ਅਤੇ ਸੜਕ ਦੇ ਦੂਜੇ ਪਾਸੇ ਖੇਤਾਂ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ।

ਐਸ.ਐਸ.ਐਫ. ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਕਾਰ ਨੂੰ ਬਾਹਰ ਕਢਵਾਇਆ ਗਿਆ।