ਫਗਵਾੜਾ (ਦਲਜੀਤ ਅਜਨੋਹਾ):- ਮਨੁੱਖੀ ਜੀਵਨ ਦੀ ਅਸਲ ਸਾਰਥਕਤਾ ਸਿਰਫ਼ ਆਪਣੇ ਲਈ ਜਿਊਣ ਵਿੱਚ ਨਹੀਂ, ਸਗੋਂ ਆਪਣੇ ਜੀਵਨ ਦਾ ਕੋਈ ਨਾ ਕੋਈ ਹਿੱਸਾ ਦੂਜਿਆਂ ਦੀ ਭਲਾਈ ਲਈ ਸਮਰਪਿਤ ਕਰਨ ਵਿੱਚ ਹੈ। ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਪ ਨੂੰ ਸਿਰਫ਼ ਆਪਣੀ ਨਿੱਜੀ ਖੁਸ਼ਹਾਲੀ ਤੱਕ ਸੀਮਤ ਰੱਖਦੇ ਹਨ, ਪਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹਨ ਜਿਨ੍ਹਾਂ ਲਈ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਖੂਨਦਾਨ, ਅੱਖਾਂ ਦਾਨ, ਦੇਹਦਾਨ ਅਤੇ ਅੰਗਦਾਨ ਅਜਿਹੇ ਅਨਮੋਲ ਕਾਰਜ ਹਨ, ਜਿਨ੍ਹਾਂ ਰਾਹੀਂ ਇਨਸਾਨ ਆਪਣੇ ਜੀਵਨ ਦੌਰਾਨ ਜਾਂ ਜੀਵਨ ਤੋਂ ਬਾਅਦ ਵੀ ਕਿਸੇ ਹੋਰ ਵਿਅਕਤੀ ਲਈ ਆਸ ਦੀ ਨਵੀਂ ਕਿਰਨ ਬਣ ਸਕਦਾ ਹੈ।

ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਸਮਾਜ ਦੇ ਇੱਕ ਵੱਡੇ ਵਰਗ ਵਿੱਚ ਇਨ੍ਹਾਂ ਕਾਰਜਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਸਮਾਜ ਸੇਵੀ ਅਤੇ ਜਾਗਰੂਕ ਲੋਕ ਹਨ, ਜੋ ਨਾ ਸਿਰਫ਼ ਖ਼ੁਦ ਇਨ੍ਹਾਂ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ, ਸਗੋਂ ਘਰ-ਘਰ ਜਾ ਕੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਸਮਾਜਿਕ ਮੰਚਾਂ ਰਾਹੀਂ ਦੂਜਿਆਂ ਨੂੰ ਵੀ ਇਨ੍ਹਾਂ ਨੇਕ ਕਾਰਜਾਂ ਲਈ ਪ੍ਰੇਰਿਤ ਕਰ ਰਹੇ ਹਨ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਕਿਹਾ ਕਿ ਖੂਨਦਾਨ, ਅੱਖਾਂ ਦਾਨ, ਦੇਹਦਾਨ ਅਤੇ ਅੰਗਦਾਨ ਅਜਿਹੇ ਮਹਾਨ ਕਾਰਜ ਹਨ, ਜਿਨ੍ਹਾਂ ਦੀ ਮਹੱਤਤਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ, ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ, ਸਰਜਰੀ ਕਰਵਾਉਣ ਵਾਲੇ ਲੋਕਾਂ ਅਤੇ ਹੋਰ ਲੋੜਵੰਦ ਮਰੀਜ਼ਾਂ ਨੂੰ ਕਈ ਵਾਰ ਇਨ੍ਹਾਂ ਦੀ ਤੁਰੰਤ ਲੋੜ ਪੈਂਦੀ ਹੈ। ਅਜਿਹੇ ਸਮੇਂ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਦਾਨ ਕਿਸੇ ਪਰਿਵਾਰ ਲਈ ਸਭ ਤੋਂ ਵੱਡੀ ਖੁਸ਼ਖਬਰੀ ਬਣ ਸਕਦਾ ਹੈ।

ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਅੱਜ ਵੀ ਬਹੁਤ ਸਾਰੇ ਲੋਕ ਡਰ ਕਾਰਨ ਖੂਨਦਾਨ ਕਰਨ ਤੋਂ ਪਿੱਛੇ ਹਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ, ਸਮਾਜਿਕ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਖੂਨਦਾਨ, ਦੇਹਦਾਨ, ਅੱਖਾਂ ਦਾਨ ਅਤੇ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ, ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਮਹਾਨ ਕਾਰਜਾਂ ਨਾਲ ਜੁੜ ਕੇ ਲੋੜਵੰਦਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ।