ਐਡਮਿੰਟਨ (ਕੈਨੇਡਾ):- ਬਲਵਿੰਦਰ ਸਿੰਘ ਬਾਠ, ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ, 6611 ਐਡਮਿੰਟਨ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਬਾਣੀ ਕੀਰਤਨ ਉਪਰੰਤ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਸਾਕ-ਸਬੰਧੀਆਂ, ਰਿਸ਼ਤੇਦਾਰਾਂ, ਭੈਣਾਂ-ਭਰਾਵਾਂ ਅਤੇ ਉਨ੍ਹਾਂ ਨਾਲ ਪਿਆਰ ਰੱਖਣ ਵਾਲੇ ਯਾਰਾਂ-ਦੋਸਤਾਂ ਨੂੰ ਵੀ ਉਨ੍ਹਾਂ ਦੇ ਹੱਸਦੇ-ਵੱਸਦੇ ਘਰ ਤੋਂ ਸਦਾ ਲਈ ਦੂਰ ਚਲੇ ਜਾਣ ਦਾ ਡੂੰਘਾ ਦੁੱਖ ਹੈ।

ਇਸ ਦਿਨ ਬਲਵਿੰਦਰ ਸਿੰਘ ਬਾਠ ਜੀ ਦਾ ਜਨਮ ਦਿਨ ਵੀ ਸੀ। ਇਸ ਮੌਕੇ ਕੇਕ ਕੱਟ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਸੱਚੀ ਸ਼ਰਧਾਂਜਲੀ ਭੇਟ ਕੀਤੀ ਗਈ।

ਖ਼ਾਸ ਕਰਕੇ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪੋਤੇ-ਪੋਤੀਆਂ ਲਈ ਦਾਦਾ ਇੱਕ ਖਿਡੌਣੇ ਵਰਗਾ ਸਾਥੀ, ਸਭ ਤੋਂ ਸੱਚਾ ਮਿੱਤਰ ਅਤੇ ਰੱਬ ਵਰਗੇ ਪਿਆਰ ਦਾ ਸਰੋਤ ਹੁੰਦਾ ਹੈ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਅਤੇ ਰਹਿਣ-ਸਹਿਣ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਵਿਸ਼ੇਸ਼ ਤੌਰ 'ਤੇ ਸਾਹਿਤਕਾਰ ਸੁਰਜੀਤ ਕੌਰ, ਉਨ੍ਹਾਂ ਦੇ ਪਿਆਰੇ ਪੋਤੇ ਗੁਰਮਨ ਸਿੰਘ ਬਾਠ, ਪੋਤੀ ਜਸਕਿਰਨ ਕੌਰ ਅਤੇ ਹੋਰ ਸੱਜਣ ਸ਼ਾਮਲ ਸਨ।

ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।