ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਇਲਾਕੇ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਦੇ 67ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਟੀਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ ਅਤੇ ਕੋਆਰਡੀਨੇਟਰ ਡਾ. ਮਨਬੀਰ ਕੌਰ ਦੀ ਅਗਵਾਈ ਹੇਠ ਹਿੱਸਾ ਲੈ ਕੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ।
ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਸੱਭਿਆਚਾਰਕ, ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਿਅਕਤੀਗਤ ਅਤੇ ਸਮੂਹਿਕ ਮੁਕਾਬਲਿਆਂ ਵਿੱਚ ਕੁੱਲ 31 ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਪ੍ਰਾਪਤੀਆਂ ਵਿੱਚ ਪਹਿਲੇ ਸਥਾਨ ਦੇ 9, ਦੂਜੇ ਸਥਾਨ ਦੇ 9 ਅਤੇ ਤੀਜੇ ਸਥਾਨ ਦੇ 13 ਇਨਾਮ ਸ਼ਾਮਲ ਹਨ। ਯੁਵਕ ਮੇਲੇ ਦੌਰਾਨ ਹੁਸ਼ਿਆਰਪੁਰ ਜ਼ੋਨ ਦੇ 26 ਕਾਲਜਾਂ ਵਿੱਚੋਂ ਕਾਲਜ ਨੇ ਓਵਰਆਲ ਚੌਥਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਨੇ ਸਿਰਜਣਾਤਮਕ ਲੇਖਣੀ (ਕਵਿਤਾ), ਹੱਥ ਲਿਖਤ (ਹਿੰਦੀ), ਰਵਾਇਤੀ ਗੀਤ (ਸਮੂਹਿਕ ਅਤੇ ਵਿਅਕਤੀਗਤ), ਲੋਕ-ਸਾਜ਼, ਕਵੀਸ਼ਰੀ, ਖਿੱਦੋ ਬਣਾਉਣਾ, ਬਹਿਸ ਅਤੇ ਮਾਈਮ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੱਥ ਲਿਖਤ (ਪੰਜਾਬੀ), ਲੋਕ ਗੀਤ, ਕਾਰਟੂਨਿੰਗ, ਭੰਡ, ਕਲੀ ਗਾਇਨ, ਗਿੱਧਾ (ਸਮੂਹਿਕ ਅਤੇ ਵਿਅਕਤੀਗਤ), ਹਿਸਟ੍ਰੋਨਿਕਸ ਅਤੇ ਗਰੁੱਪ ਸ਼ਬਦ (ਵਿਅਕਤੀਗਤ) ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਗ਼ਜ਼ਲ ਗਾਇਨ, ਕਲਾਸੀਕਲ ਵੋਕਲ, ਗਰੁੱਪ ਸ਼ਬਦ, ਸਮੂਹਿਕ ਗੀਤ, ਸਿਰਜਣਾਤਮਕ ਲੇਖਣੀ (ਕਹਾਣੀ), ਸਾਜ਼ ਸੰਗੀਤ, ਮੁਹਾਵਰੇਦਾਰ ਵਾਰਤਾਲਾਪ (ਸਮੂਹਿਕ ਅਤੇ ਵਿਅਕਤੀਗਤ), ਮੌਕੇ ਦੀ ਚਿੱਤਰਕਾਰੀ, ਭਾਸ਼ਣ ਕਲਾ, ਕਵੀਸ਼ਰੀ (ਵਿਅਕਤੀਗਤ), ਕਲੀ ਗਾਇਨ (ਵਿਅਕਤੀਗਤ) ਅਤੇ ਵਾਰ ਗਾਇਨ (ਵਿਅਕਤੀਗਤ) ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਅੰਤਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਸਾਜ਼ ਅਤੇ ਕਵੀਸ਼ਰੀ ਵਿੱਚੋਂ ਵਿਅਕਤੀਗਤ ਤੌਰ ’ਤੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਰਵਾਇਤੀ ਗੀਤ ਵਿੱਚੋਂ ਵਿਅਕਤੀਗਤ ਤੌਰ ’ਤੇ ਸਿਮਰਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲੀ ਗਾਇਨ ਦੇ ਵਿਅਕਤੀਗਤ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕੰਟੀਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ, ਕੋਆਰਡੀਨੇਟਰ ਡਾ. ਮਨਬੀਰ ਕੌਰ, ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
