ਘਰੌਂਡਾ, 21 ਨਵੰਬਰ (ਪ੍ਰਵੀਨ ਵਾਲੀਆ):- ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਨੇ ਸ਼ਨੀਵਾਰ ਨੂੰ ਘਰੌਂਡਾ ਦੀ ਰਹਿਣ ਵਾਲੀ ਆਯੂਸ਼ੀ ਠਕਰਾਲ ਦੇ ਘਰ ਪਹੁੰਚ ਕੇ ਉਸ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਆਯੂਸ਼ੀ ਨੇ ਭੋਪਾਲ ਵਿਖੇ ਹੋਈ 26ਵੀਂ ਕੌਮੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਇਸ ਮੌਕੇ ਹਰਵਿੰਦਰ ਕਲਿਆਣ ਨੇ ਕਿਹਾ ਕਿ ਕੌਮੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣਾ ਪੂਰੇ ਹਰਿਆਣਾ ਅਤੇ ਘਰੌਂਡਾ ਇਲਾਕੇ ਦੇ ਵਸਨੀਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਯੂਸ਼ੀ ਠਕਰਾਲ ਦੀ ਸਰੀਰਕ ਅਪੰਗਤਾ ਵੀ ਉਸ ਦੀ ਸਫਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕੀ ਅਤੇ ਉਸ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਆਯੂਸ਼ੀ ਸਿਰਫ਼ ਖਿਡਾਰਨ ਹੀ ਨਹੀਂ, ਸਗੋਂ ਲੱਖਾਂ ਧੀਆਂ ਲਈ ਪ੍ਰੇਰਨਾ ਸਰੋਤ ਹੈ। ਸਰੀਰਕ ਚੁਣੌਤੀਆਂ ਦੇ ਬਾਵਜੂਦ ਖੇਡਾਂ ਅਤੇ ਸਿੱਖਿਆ ਦੋਵਾਂ ਖੇਤਰਾਂ ਵਿੱਚ ਅੱਗੇ ਵਧਣਾ ਉਸ ਦੇ ਅਨੁਸ਼ਾਸਨ, ਮਿਹਨਤ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਆਯੂਸ਼ੀ ਖੁਦ ਇਸ ਗੱਲ ਦੀ ਜਿਉਂਦੀ-ਜਾਗਦੀ ਮਿਸਾਲ ਹੈ ਕਿ ਜੇਕਰ ਧੀਆਂ ਨੂੰ ਪਰਿਵਾਰ ਦਾ ਸਹਿਯੋਗ ਅਤੇ ਸਮਾਜ ਦੀ ਹੌਸਲਾ-ਅਫ਼ਜ਼ਾਈ ਮਿਲੇ ਤਾਂ ਉਹ ਹਰ ਖੇਤਰ ਵਿੱਚ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਸਕਦੀਆਂ ਹਨ।

ਹਰਵਿੰਦਰ ਕਲਿਆਣ ਨੇ ਆਯੂਸ਼ੀ ਦੀਆਂ ਖੇਡ ਪ੍ਰਾਪਤੀਆਂ, ਪ੍ਰਤਿਭਾ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਨੂੰ ਦੇਖਦਿਆਂ ਉਸ ਨੂੰ ਘਰੌਂਡਾ ਖੇਤਰ ਦੀ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਆਯੂਸ਼ੀ ਦੀਆਂ ਖੇਡ ਪ੍ਰਾਪਤੀਆਂ ਦਾ ਹੀ ਨਹੀਂ, ਸਗੋਂ ਉਸ ਵਿਚਾਰਧਾਰਾ ਦਾ ਵੀ ਸਨਮਾਨ ਹੈ ਜੋ ਧੀਆਂ ਨੂੰ ਬਰਾਬਰ ਮੌਕੇ, ਸਿੱਖਿਆ ਅਤੇ ਅੱਗੇ ਵਧਣ ਦਾ ਅਧਿਕਾਰ ਦਿੰਦੀ ਹੈ।

ਇਸ ਮੌਕੇ ਉਨ੍ਹਾਂ ਨੇ ਆਯੂਸ਼ੀ ਦੇ ਪਿਤਾ ਅਨਿਲ ਠਕਰਾਲ, ਮਾਤਾ ਮੁਸਕਾਨ ਠਕਰਾਲ, ਭੈਣ ਅੰਸ਼ਿਕਾ ਅਤੇ ਸਮੁੱਚੇ ਪਰਿਵਾਰ ਨੂੰ ਆਯੂਸ਼ੀ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ।

ਆਯੂਸ਼ੀ ਦੇ ਕੋਚ ਰਵਿੰਦਰ ਸੰਧੂ ਨੇ ਦੱਸਿਆ ਕਿ ਆਯੂਸ਼ੀ 85 ਫੀਸਦੀ ਤੱਕ ਦਿਵਿਆਂਗ ਹੈ, ਪਰ ਉਸ ਦੇ ਖੇਡ ਪ੍ਰਦਰਸ਼ਨ ਵਿੱਚ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ 12 ਤੋਂ 15 ਨਵੰਬਰ ਤੱਕ ਭੋਪਾਲ ਵਿਖੇ ਹੋਈ 26ਵੀਂ ਕੌਮੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ ਆਯੂਸ਼ੀ ਨੇ 50 ਮੀਟਰ ਬੈਕਸਟ੍ਰੋਕ, 50 ਮੀਟਰ ਫ੍ਰੀਸਟਾਈਲ ਅਤੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਤਮਗੇ ਹਾਸਲ ਕੀਤੇ। ਇਸ ਮੌਕੇ ਆਯੂਸ਼ੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਪਤਵੰਤੇ ਵੀ ਮੌਜੂਦ ਸਨ।