ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਨਵੰਬਰ:- ਜਨਗਣਨਾ ਵਿਭਾਗ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ 4 ਅਤੇ 5 ਨਵੰਬਰ, 2026 ਨੂੰ ਸ਼ਹੀਦ ਬਲਬੀਰ ਸਿੰਘ ਹਾਕੀ ਸਟੇਡੀਅਮ, ਐਸ.ਏ.ਐਸ. ਨਗਰ ਵਿਖੇ ਜਨਗਣਨਾ 2027 ਸਬੰਧੀ ਦੋ ਰੋਜ਼ਾ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੌਕੇ ਜਾਗਰੂਕਤਾ ਸਟਾਲ ਦਾ ਉਦਘਾਟਨ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਨੇ ਕੀਤਾ। ਇਸ ਉਦਘਾਟਨੀ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਗੀਤਿਕਾ ਸਿੰਘ, ਪੀ.ਸੀ.ਐਸ. ਵੀ ਆਪਣੀ ਜਨਗਣਨਾ ਟੀਮ ਦੇ ਮੈਂਬਰਾਂ ਸਮੇਤ ਸ਼ਾਮਲ ਹੋਏ।
ਇਹ ਪ੍ਰਚਾਰ ਮੁਹਿੰਮ ਪੰਜਾਬ ਸਰਕਾਰ ਦੇ 'ਇੰਡੀਆ ਕਾ ਗੇਮ' ਪ੍ਰੋਗਰਾਮ ਤਹਿਤ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਹਾਕੀ ਮੈਚਾਂ ਦੇ ਨਾਲ-ਨਾਲ ਆਯੋਜਿਤ ਕੀਤੀ ਗਈ। ਇਸ ਨਾਲ ਵੱਡੀ ਗਿਣਤੀ ਵਿੱਚ ਦਰਸ਼ਕਾਂ, ਖ਼ਾਸ ਕਰਕੇ ਨੌਜਵਾਨ ਵਿਦਿਆਰਥੀਆਂ ਤੱਕ ਪਹੁੰਚ ਬਣਾਉਣ ਅਤੇ ਆਗਾਮੀ ਜਨਗਣਨਾ 2027 ਸਬੰਧੀ ਜਾਗਰੂਕਤਾ ਫੈਲਾਉਣ ਦਾ ਵਧੀਆ ਮੌਕਾ ਮਿਲਿਆ।
ਇਸ ਮੁਹਿੰਮ ਤਹਿਤ ਸਟੇਡੀਅਮ ਵਿੱਚ ਜਨਗਣਨਾ 2027 ਦੇ ਵਿਸ਼ੇ ਨਾਲ ਸਬੰਧਤ ਆਕਰਸ਼ਕ ਡਿਸਪਲੇਅ ਸਟੈਂਡ ਅਤੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੈਲਫੀ ਪੁਆਇੰਟ ਸਥਾਪਿਤ ਕੀਤੇ ਗਏ। ਇਨ੍ਹਾਂ ਰਾਹੀਂ ਆਉਣ ਵਾਲੇ ਦਰਸ਼ਕਾਂ ਨੂੰ ਮੁਹਿੰਮ ਨਾਲ ਜੋੜਨ ਅਤੇ ਜਨਗਣਨਾ 2027 ਬਾਰੇ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ। ਇਨ੍ਹਾਂ ਇੰਟਰਐਕਟਿਵ ਸਥਾਪਨਾਵਾਂ ਨੇ ਖ਼ਾਸ ਕਰਕੇ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਫੋਟੋਆਂ ਖਿੱਚਣ ਅਤੇ ਜਨਗਣਨਾ ਜਾਗਰੂਕਤਾ ਮੁਹਿੰਮ ਵਿੱਚ ਆਪਣੀ ਭਾਗੀਦਾਰੀ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ। ਇਸ ਉਪਰਾਲੇ ਨਾਲ ਪ੍ਰਚਾਰ ਮੁਹਿੰਮ ਨੂੰ ਹੋਰ ਦਿਲਚਸਪ ਅਤੇ ਲੋਕਾਂ ਦੀ ਸ਼ਮੂਲੀਅਤ ਵਾਲਾ ਰੂਪ ਮਿਲਿਆ।
ਇਸ ਮੌਕੇ ਜਨਗਣਨਾ ਵਿਭਾਗ ਵੱਲੋਂ ਜਨਗਣਨਾ 2027 ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਗਰਿਕਾਂ ਨੂੰ ਇਸ ਮਹੱਤਵਪੂਰਨ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਭਾਰਤ ਸਰਕਾਰ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ, 2026 ਤੱਕ ਚਲਾਈ ਜਾਵੇਗੀ, ਜਿਸ ਤੋਂ ਬਾਅਦ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕੀਤੀ ਜਾਵੇਗੀ। ਇਸ ਉਪਰੰਤ 5 ਜਨਵਰੀ ਤੋਂ 9 ਜਨਵਰੀ, 2027 ਤੱਕ ਸੋਧ ਪ੍ਰਕਿਰਿਆ ਦਾ ਦੌਰ ਚਲਾਇਆ ਜਾਵੇਗਾ।
ਦਰਸ਼ਕਾਂ ਨੂੰ ਦੱਸਿਆ ਗਿਆ ਕਿ ਸਵੈ-ਗਣਨਾ ਦੀ ਸਹੂਲਤ ਰਾਹੀਂ ਪਰਿਵਾਰ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਜਨਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਦੇ ਅਧਿਕਾਰਤ ਸਵੈ-ਗਣਨਾ ਪੋਰਟਲ ’ਤੇ ਆਨਲਾਈਨ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਦਰਜ ਕਰਵਾ ਸਕਣਗੇ।
ਇਸ ਪ੍ਰਚਾਰ ਮੁਹਿੰਮ ਦੌਰਾਨ ਜਨਗਣਨਾ ਵਿਭਾਗ ਵੱਲੋਂ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਜਨਗਣਨਾ 2027 ਦੇ ਲੋਗੋ ਵਾਲੀਆਂ ਟੋਪੀਆਂ, ਜਾਣਕਾਰੀ ਭਰਪੂਰ ਪੈਂਫਲਿਟ ਅਤੇ ਨੋਟਪੈਡ ਵੀ ਵੰਡੇ ਗਏ। ਜਨਗਣਨਾ ਦੇ ਲੋਗੋ ਵਾਲੀਆਂ ਟੋਪੀਆਂ ਨੇ ਵਿਸ਼ੇਸ਼ ਤੌਰ ’ਤੇ ਸਕੂਲੀ ਵਿਦਿਆਰਥੀਆਂ ਦਾ ਕਾਫ਼ੀ ਧਿਆਨ ਖਿੱਚਿਆ ਅਤੇ ਉਨ੍ਹਾਂ ਨੇ ਉਤਸ਼ਾਹ ਨਾਲ ਇਹ ਟੋਪੀਆਂ ਪ੍ਰਾਪਤ ਕੀਤੀਆਂ। ਧੁੱਪ ਵਾਲੇ ਮੌਸਮ ਵਿੱਚ ਹਾਕੀ ਮੈਚ ਦੇਖ ਰਹੇ ਵਿਦਿਆਰਥੀਆਂ ਲਈ ਇਹ ਟੋਪੀਆਂ ਲਾਹੇਵੰਦ ਵੀ ਸਾਬਤ ਹੋਈਆਂ।
ਇਨ੍ਹਾਂ ਨਵੀਨਤਮ ਪ੍ਰਚਾਰ ਗਤੀਵਿਧੀਆਂ, ਜਿਨ੍ਹਾਂ ਵਿੱਚ ਇੰਟਰਐਕਟਿਵ ਸੈਲਫੀ ਪੁਆਇੰਟ, ਆਕਰਸ਼ਕ ਡਿਸਪਲੇਅ ਸਟੈਂਡ ਅਤੇ ਜਨਗਣਨਾ ਦੇ ਲੋਗੋ ਵਾਲੀ ਪ੍ਰਚਾਰ ਸਮੱਗਰੀ ਦੀ ਵੰਡ ਸ਼ਾਮਲ ਸੀ, ਰਾਹੀਂ ਜਨਗਣਨਾ ਵਿਭਾਗ ਦਾ ਉਦੇਸ਼ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨਾਲ ਸਿੱਧਾ ਸੰਪਰਕ ਸਥਾਪਿਤ ਕਰਨਾ, ਜਨਗਣਨਾ 2027 ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ।
