ਨਵਾਂਸ਼ਹਿਰ (ਦੇਸ ਰਾਜ ਬਾਲੀ):- ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅਟਲ ਵਯੋ ਅਭਿਊਦਯ ਯੋਜਨਾ ਤਹਿਤ ਸ੍ਰੀ ਵਿਸ਼ਵਕਰਮਾ ਮੰਦਰ, ਨਵਾਂਸ਼ਹਿਰ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਦੇ ਬੈਨਰ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਤਿੰਦਰ ਸਿੰਘ ਖੁਰਮੀ ਅਤੇ ਡਾਕਟਰ ਅਮਨਦੀਪ, ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੈਲਪ ਡੈਸਕ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਨੇ ਦੱਸਿਆ ਕਿ ਹੈਲਪ ਡੈਸਕ ਰਾਹੀਂ ਸੀਨੀਅਰ ਸਿਟੀਜ਼ਨਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ, 2007 ਵੀ ਸ਼ਾਮਲ ਹੈ। ਇਸ ਕਾਨੂੰਨ ਤਹਿਤ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਜਾਂ ਕਾਨੂੰਨੀ ਵਾਰਸਾਂ ਤੋਂ ਗੁਜ਼ਾਰਾ ਭੱਤਾ ਲੈਣ ਦਾ ਪੂਰਾ ਅਧਿਕਾਰ ਹੈ। ਜੇਕਰ ਬੱਚੇ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ, ਤਾਂ ਬਜ਼ੁਰਗ ਟ੍ਰਿਬਿਊਨਲ ਵਿੱਚ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬਜ਼ੁਰਗ ਇਸ ਸ਼ਰਤ ’ਤੇ ਆਪਣੀ ਜਾਇਦਾਦ ਕਿਸੇ ਵਾਰਸ ਦੇ ਨਾਮ ਕਰਦਾ ਹੈ ਕਿ ਉਹ ਉਸ ਦੀ ਦੇਖਭਾਲ ਕਰੇਗਾ, ਪਰ ਵਾਰਸ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਤਾਂ ਕਾਨੂੰਨ ਅਨੁਸਾਰ ਜਾਇਦਾਦ ਦਾ ਇਹ ਤਬਾਦਲਾ ਰੱਦ ਕਰਵਾਇਆ ਜਾ ਸਕਦਾ ਹੈ।

ਕੋਈ ਵੀ ਸੀਨੀਅਰ ਸਿਟੀਜ਼ਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਵਕੀਲ ਸਮੇਤ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਸਰਕਾਰ ਵੱਲੋਂ ਬਜ਼ੁਰਗਾਂ ਨਾਲ ਹੋਣ ਵਾਲੇ ਦੁਰਵਿਹਾਰ, ਅਣਦੇਖੀ, ਸ਼ੋਸ਼ਣ ਜਾਂ ਕਾਨੂੰਨੀ ਮਦਦ ਦੀ ਲੋੜ ਪੈਣ ’ਤੇ ਮੁਫ਼ਤ ਸਹਾਇਤਾ ਦੇਣ ਲਈ ਐਲਡਰਲਾਈਨ ਹੈਲਪਲਾਈਨ ਨੰਬਰ 14567 ਵੀ ਚਲਾਇਆ ਜਾ ਰਿਹਾ ਹੈ।

ਸਰਕਾਰੀ ਹਸਪਤਾਲਾਂ ਵਿੱਚ ਬਜ਼ੁਰਗਾਂ ਲਈ ਵੱਖਰੀਆਂ ਲਾਈਨਾਂ ਅਤੇ ਮੁਫ਼ਤ ਜਾਂ ਰਿਆਇਤੀ ਇਲਾਜ ਦੀਆਂ ਸਹੂਲਤਾਂ ਵੀ ਉਪਲਬਧ ਹਨ। ਇਸ ਮੌਕੇ 200 ਤੋਂ ਵੱਧ ਸੀਨੀਅਰ ਸਿਟੀਜ਼ਨਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।