ਅੰਬਾਲਾ, 17 ਨਵੰਬਰ:- ਅੰਬਾਲਾ ਛਾਉਣੀ ਵਿੱਚ ਸ਼ਾਨਦਾਰ ਇਤਿਹਾਸਕ ਸ਼ਹੀਦ ਸਮਾਰਕ ਦਾ ਨਿਰਮਾਣ ਕਰਵਾਉਣ ਲਈ ਅੰਬਾਲਾ ਪ੍ਰੈੱਸ ਕਲੱਬ ਨੇ ਅੱਜ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦੇ ਇਸ ਇਤਿਹਾਸਕ ਅਤੇ ਦੂਰਦਰਸ਼ੀ ਯਤਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੰਬਾਲਾ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਗੁਲਦਸਤਾ, ਸ਼ਾਲ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨੇ ਅਨਿਲ ਵਿਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ 1857 ਦੀ ਕ੍ਰਾਂਤੀ ਨਾਲ ਜੁੜੇ ਇਸ ਇਤਿਹਾਸਕ ਸਥਾਨ ’ਤੇ ਸ਼ਹੀਦਾਂ ਦੀ ਯਾਦ ਵਿੱਚ ਅਜਿਹਾ ਸ਼ਾਨਦਾਰ ਸਮਾਰਕ ਸਥਾਪਤ ਕਰਨਾ ਸ਼ਹੀਦਾਂ ਪ੍ਰਤੀ ਵਿਜ ਦੀ ਅਟੁੱਟ ਸ਼ਰਧਾ, ਉਨ੍ਹਾਂ ਦੀ ਇਤਿਹਾਸਕ ਸੋਚ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸ਼ਹੀਦ ਸਮਾਰਕ ਦਾ ਨਿਰਮਾਣ ਪੂਰਾ ਕਰਵਾਉਣ ਲਈ ਵਿਜ ਦੇ ਦ੍ਰਿੜ੍ਹ ਇਰਾਦੇ ਅਤੇ ਸਮਰਪਣ ਵਾਸਤੇ ਧੰਨਵਾਦ ਪ੍ਰਗਟ ਕੀਤਾ। ਇਹ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ।
ਪੱਤਰਕਾਰਾਂ ਨੇ ਕਿਹਾ ਕਿ ਇਹ ਸਮਾਰਕ ਦੇਸ਼ ਦੇ ਬਹਾਦਰ ਸ਼ਹੀਦਾਂ ਦੀ ਕੁਰਬਾਨੀ, ਸੰਘਰਸ਼ ਅਤੇ ਦੇਸ਼ ਭਗਤੀ ਦੀ ਅਮਰ ਗਾਥਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪ੍ਰੋਜੈਕਟ ਨੂੰ ਹਕੀਕਤ ਵਿੱਚ ਬਦਲ ਕੇ ਵਿਜ ਨੇ ਅੰਬਾਲਾ ਨੂੰ ਇੱਕ ਨਵੀਂ ਕੌਮੀ ਪਛਾਣ ਦਿੱਤੀ ਹੈ। ਉਨ੍ਹਾਂ ਦੇ ਯਤਨਾਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਵੀਰੇਸ਼ ਸ਼ਾਂਡਿਲਿਆ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ 1857 ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸਮਾਰਕ ਅਨਿਲ ਵਿਜ ਦੇ ਯਤਨਾਂ ਸਦਕਾ ਭਵਿੱਖ ਵਿੱਚ ਦੇਸ਼ ਦੇ 1.45 ਅਰਬ ਨਾਗਰਿਕਾਂ ਨੂੰ ਸ਼ਹੀਦਾਂ ਦੀ ਭਾਵਨਾ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅਨਿਲ ਵਿਜ ਵਰਗੇ ਸੱਚੇ ਦੇਸ਼ ਭਗਤ ਦੀ ਬਦੌਲਤ ਹੀ ਸੰਭਵ ਹੋ ਸਕੀ ਹੈ। ਅਜਿਹੇ ਲੋਕ ਪ੍ਰਤੀਨਿਧੀ, ਜੋ ਆਪਣੀ ਧਰਤੀ ਦੇ ਇਤਿਹਾਸ ਅਤੇ ਆਪਣੇ ਸ਼ਹੀਦਾਂ ਦੇ ਸਨਮਾਨ ਨੂੰ ਤਰਜੀਹ ਦਿੰਦੇ ਹਨ, ਸਮਾਜ ਲਈ ਸੱਚਮੁੱਚ ਪ੍ਰੇਰਨਾਦਾਇਕ ਹੁੰਦੇ ਹਨ।
ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜ ਨੇ ਕਿਹਾ, "ਮੈਂ ਪੱਤਰਕਾਰਾਂ ਤੋਂ ਇਹ ਸਨਮਾਨ ਪ੍ਰਾਪਤ ਕਰਕੇ ਨਿਮਰ ਮਹਿਸੂਸ ਕਰ ਰਿਹਾ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਬਣਿਆ ਇਹ ਕੌਮੀ ਸਮਾਰਕ ਪੂਰੇ ਭਾਰਤ ਵਿੱਚ ਆਜ਼ਾਦੀ ਦੀ ਪਹਿਲੀ ਜੰਗ ਨੂੰ ਸਮਰਪਿਤ ਕਿਸੇ ਵੀ ਹੋਰ ਸਮਾਰਕ ਤੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਮਰਪਿਤ ਯਾਦਗਾਰਾਂ ਹੋ ਸਕਦੀਆਂ ਹਨ, ਜਿਵੇਂ ਇੱਕ ਝਾਂਸੀ ਦੀ ਰਾਣੀ ਨੂੰ, ਦੂਜੀ ਤਾਤਿਆ ਟੋਪੇ ਨੂੰ ਅਤੇ ਤੀਜੀ ਮੰਗਲ ਪਾਂਡੇ ਨੂੰ ਸਮਰਪਿਤ ਹੈ। ਪਰ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲੀ ਸੀ ਅਤੇ ਇਸ ਦੀ ਪਹਿਲੀ ਚੰਗਿਆੜੀ ਅੰਬਾਲਾ ਵਿੱਚ ਭੜਕੀ ਸੀ। ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰਾਂ ਨੇ ਸ਼ਹੀਦ ਸਮਾਰਕ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਇਸ ਮੌਕੇ ਅੰਬਾਲਾ ਪ੍ਰੈੱਸ ਕਲੱਬ ਦੇ ਮੈਂਬਰ ਸੁਮਨ ਭਟਨਾਗਰ, ਕਮਲਪ੍ਰੀਤ ਸਭਰਵਾਲ, ਕਪਿਲ ਅਗਰਵਾਲ, ਆਸ਼ੀਸ਼ ਅਗਰਵਾਲ, ਵੀਰੇਸ਼ ਸ਼ਾਂਡਿਲਿਆ, ਹਿਰੇਂਦਰ ਗੁਲ੍ਹਾਟੀ, ਨਰਿੰਦਰ ਸਿੰਘ ਭਾਟੀਆ, ਸੁਨੀਲ ਮਾਨ, ਪਵਨ ਪਾਸੀ ਅਤੇ ਅਨਿਲ ਕੁਮਾਰ ਸਮੇਤ ਹੋਰ ਪੱਤਰਕਾਰ ਮੌਜੂਦ ਸਨ।
