ਮੋਹਾਲੀ, 12 ਨਵੰਬਰ:- ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲ 2026–2027 ਲਈ ਹੋਣ ਵਾਲੀਆਂ ਚੋਣਾਂ ਵਿੱਚ ਮੁਲਾਜ਼ਮਾਂ ਦੇ ਤਿੰਨੇ ਗਰੁੱਪਾਂ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਵਾਰ ਪਿਛਲੇ 10 ਸਾਲਾਂ ਤੋਂ ਬੰਦ ਕੀਤੀ ਗਈ ਦੋ ਰੋਜ਼ਾ ਸਾਂਝੀ ਸਟੇਜ ਮੁੜ ਸ਼ੁਰੂ ਕੀਤੀ ਗਈ, ਜਿੱਥੇ ਤਿੰਨੇ ਗਰੁੱਪਾਂ ਨੂੰ ਵਾਰੀ-ਵਾਰੀ ਆਪਣੀ ਗੱਲ ਰੱਖਣ ਦਾ ਸਮਾਂ ਦਿੱਤਾ ਗਿਆ। ਤਿੰਨੇ ਗਰੁੱਪਾਂ ਵੱਲੋਂ ਚੋਣਾਂ ਜਿੱਤਣ ਦੇ ਦਾਅਵੇ ਕੀਤੇ ਗਏ। ਇਸ ਵਾਰ ਚੋਣ ਪ੍ਰਚਾਰ ਵਿੱਚ ਸੋਸ਼ਲ ਮੀਡੀਆ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਤਿੰਨੇ ਗਰੁੱਪਾਂ ਵੱਲੋਂ ਏਆਈ ਤਕਨੀਕ ਰਾਹੀਂ ਆਪਣੇ-ਆਪਣੇ ਗਰੁੱਪ ਦੇ ਪ੍ਰਚਾਰ ਲਈ ਵੀਡੀਓ ਤਿਆਰ ਕੀਤੇ ਗਏ।

ਇਸ ਮੌਕੇ ਸਰਬ ਸਾਂਝਾ ਰਾਣੂ ਗਰੁੱਪ (ਨੀਲਾ ਰੰਗ) ਦੀ ਪ੍ਰਧਾਨਗੀ ਦੀ ਉਮੀਦਵਾਰ ਬੀਬੀ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ ਵੱਲੋਂ ਸਾਲ 2024–25 ਦੌਰਾਨ ਆਪਣੇ ਗਰੁੱਪ ਦੀਆਂ ਪ੍ਰਾਪਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੇ ਸਾਲਾਂ ਲਈ ਆਪਣਾ ਏਜੰਡਾ ਵੀ ਪੇਸ਼ ਕੀਤਾ। ਬੀਬੀ ਰਮਨਦੀਪ ਕੌਰ ਗਿੱਲ ਦੇ ਪ੍ਰਭਾਵਸ਼ਾਲੀ ਭਾਸ਼ਣ ਨੇ ਸਰੋਤਿਆਂ ਦਾ ਮਨ ਮੋਹ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਲਾਲ ਗਰੁੱਪ ਦੇ ਆਗੂ ਜੇਤੂ ਹੋਣ ਦੇ ਬਾਵਜੂਦ ਮੁਲਾਜ਼ਮਾਂ ਲਈ ਕੋਈ ਰਿਆਇਤ ਨਹੀਂ ਲਿਆ ਸਕੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਦਾਲਤਾਂ ਵਿੱਚ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸਾਥੀਆਂ ਦੀ ਮਿਹਨਤ ਸਦਕਾ ਮਿਲੀਆਂ ਪ੍ਰਾਪਤੀਆਂ ਨੂੰ ਲਾਲ ਗਰੁੱਪ ਦੇ ਆਗੂ ਆਪਣੀਆਂ ਪ੍ਰਾਪਤੀਆਂ ਵਜੋਂ ਗਿਣਵਾ ਰਹੇ ਹਨ, ਜਦਕਿ ਇਹ ਪ੍ਰਾਪਤੀਆਂ ਅਦਾਲਤਾਂ ਵਿੱਚ ਲੰਬੀ ਲੜਾਈ ਲੜਨ ਵਾਲੇ ਸਾਥੀਆਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹਨ।

ਇਸ ਮੌਕੇ ਸੋਢੀ ਅਤੇ ਖੰਗੂੜਾ ਗਰੁੱਪ ਦੇ ਆਗੂਆਂ ਗੁਰਇਕਬਾਲ ਸਿੰਘ ਸੋਢੀ, ਹਰਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨਗੀ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੇ ਦਾਅਵਾ ਕੀਤਾ ਕਿ 70 ਫ਼ੀਸਦੀ ਮੁਲਾਜ਼ਮ ਅਤੇ ਉਨ੍ਹਾਂ ਦੀ ਟੀਮ ਚੱਟਾਨ ਵਾਂਗ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਲਾਲ ਗਰੁੱਪ ਦੇ ਆਗੂਆਂ ਨੇ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਅਤੇ ਉਨ੍ਹਾਂ ਦੀ ਬਦਲੀ ਦੇ ਮਾਮਲੇ ਵਿੱਚ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਸਗੋਂ ਸਬੰਧਤ ਦੋਵੇਂ ਸਾਥੀ ਆਪਹੁਦਰੇ ਢੰਗ ਨਾਲ ਕੰਮ ਕਰਦੇ ਰਹੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਸਾਰੇ ਗਰੁੱਪ ਆਪੋ-ਆਪਣਾ ਪ੍ਰਚਾਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਫ਼ਤਰ ਤੋਂ ਪ੍ਰਚਾਰ ਲਈ ਤਿੰਨ ਦਿਨਾਂ ਦੀ ਛੁੱਟੀ ਮੰਗੀ ਗਈ ਸੀ, ਪਰ ਉਨ੍ਹਾਂ ਨੂੰ ਕੇਵਲ ਇੱਕ ਦਿਨ ਦੀ ਛੁੱਟੀ ਦਿੱਤੀ ਗਈ। ਉਨ੍ਹਾਂ ਆਪਣੇ ਗਰੁੱਪ ਦੀ 100 ਫ਼ੀਸਦੀ ਜਿੱਤ ਦਾ ਦਾਅਵਾ ਕੀਤਾ।

ਮੁਲਾਜ਼ਮ ਭਲਾਈ ਗਰੁੱਪ (ਲਾਲ ਰੰਗ) ਦੇ ਪ੍ਰਧਾਨਗੀ ਦੇ ਉਮੀਦਵਾਰ ਗੁਰਚਰਨ ਸਿੰਘ ਤਰਮਾਲਾ ਅਤੇ ਜਨਰਲ ਸਕੱਤਰ ਦੇ ਉਮੀਦਵਾਰ ਪਰਮਜੀਤ ਸਿੰਘ ਬੈਨੀਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦਿਹਾੜੀਦਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਾ ਕੱਢਣ ਦੀ ਨੀਤੀ ਤਿਆਰ ਕਰਵਾ ਕੇ ਲਾਗੂ ਕਰਵਾਈ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2004 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਵਿੱਚ ਵੀ ਉਨ੍ਹਾਂ ਨੇ ਆਪਣਾ ਯੋਗਦਾਨ ਪਾਇਆ। ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ਅਤੇ ਆਪਹੁਦਰੇ ਢੰਗ ਨਾਲ ਕੰਮ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਖੰਗੂੜਾ ਨੇ ਕਦੇ ਵੀ ਉਨ੍ਹਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਅਗਵਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਹਰ ਸ਼ਨੀਵਾਰ ਅਤੇ ਐਤਵਾਰ ਆਪਣੇ ਘਰ ਆਉਂਦੇ ਸਨ, ਪਰ ਕਦੇ ਵੀ ਉਨ੍ਹਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਾਜ਼ਮ ਭਲਾਈ ਗਰੁੱਪ ਆਪਣੇ ਕੰਮਾਂ ਦੇ ਆਧਾਰ ’ਤੇ ਜਿੱਤ ਪ੍ਰਾਪਤ ਕਰੇਗਾ।