ਜਲੰਧਰ (ਦਲਜੀਤ ਅਜਨੋਹਾ):- ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਯੋਗ ਨੌਜਵਾਨਾਂ ਦੀ ਭਰਤੀ ਲਈ 14 ਨਵੰਬਰ ਤੋਂ 22 ਨਵੰਬਰ 2026 ਤੱਕ ਸਰਕਾਰੀ ਕਲਾ ਅਤੇ ਖੇਡ ਕਾਲਜ (Government Arts and Sports College), ਜਲੰਧਰ ਵਿਖੇ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਇਸ ਭਰਤੀ ਰੈਲੀ ਵਿੱਚ 6,000 ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ, ਜਿਨ੍ਹਾਂ ਨੇ ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਐੱਸ.ਬੀ.ਐੱਸ. ਨਗਰ) ਜ਼ਿਲ੍ਹਿਆਂ ਤੋਂ ਸਾਂਝੀ ਦਾਖਲਾ ਪ੍ਰੀਖਿਆ (Common Entrance Examination-CEE) ਪਾਸ ਕੀਤੀ ਹੈ। ਇਸ ਭਰਤੀ ਰੈਲੀ ਰਾਹੀਂ ਪੰਜਾਬ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀਆਂ ਯੋਗ ਮਹਿਲਾ ਉਮੀਦਵਾਰਾਂ ਦੀ ਵੀ ਭਰਤੀ ਕੀਤੀ ਜਾਵੇਗੀ। ਇਸ ਨਾਲ ਨੌਜਵਾਨ ਔਰਤਾਂ ਨੂੰ ਭਾਰਤੀ ਫੌਜ ਵਿੱਚ ਕਰੀਅਰ ਬਣਾਉਣ ਅਤੇ ਮਾਣ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।

ਭਰਤੀ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਸਰੀਰਕ ਤੰਦਰੁਸਤੀ ਅਤੇ ਯੋਗਤਾ ਦਾ ਮੁਲਾਂਕਣ ਕਰਨ ਲਈ ਕਈ ਤਰ੍ਹਾਂ ਦੇ ਟੈਸਟ ਅਤੇ ਮੁਲਾਂਕਣ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਸਹਿਣਸ਼ੀਲਤਾ ਅਤੇ ਸਰੀਰਕ ਤੰਦਰੁਸਤੀ ਦੀ ਜਾਂਚ ਲਈ 1.6 ਕਿਲੋਮੀਟਰ ਦੌੜ, ਸਰੀਰ ਦੇ ਉੱਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਦੀ ਤਾਕਤ ਦਾ ਮੁਲਾਂਕਣ ਕਰਨ ਲਈ ਬੀਮ ਟੈਸਟ ਅਤੇ ਲੰਬਾਈ, ਭਾਰ ਤੇ ਹੋਰ ਸਰੀਰਕ ਮਾਪਦੰਡਾਂ ਦੀ ਜਾਂਚ ਸ਼ਾਮਲ ਹੋਵੇਗੀ। ਸਰੀਰਕ ਤੰਦਰੁਸਤੀ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਭਾਰਤੀ ਫੌਜ ਵਿੱਚ ਭਰਤੀ ਲਈ ਉਨ੍ਹਾਂ ਦੀ ਡਾਕਟਰੀ ਤੰਦਰੁਸਤੀ ਯਕੀਨੀ ਬਣਾਉਣ ਵਾਸਤੇ ਮੈਡੀਕਲ ਜਾਂਚ ਕੀਤੀ ਜਾਵੇਗੀ।

ਭਰਤੀ ਪ੍ਰਕਿਰਿਆ ਸਥਾਪਤ ਭਰਤੀ ਨੀਤੀਆਂ ਅਤੇ ਯੋਗਤਾ ਮਾਪਦੰਡਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਭਰਤੀ ਸੂਚਨਾਵਾਂ ਦਾ ਧਿਆਨ ਨਾਲ ਅਧਿਐਨ ਕਰਨ, ਇਹ ਯਕੀਨੀ ਬਣਾਉਣ ਕਿ ਉਹ ਨਿਰਧਾਰਤ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਭਰਤੀ ਰੈਲੀ ਵਿੱਚ ਹਿੱਸਾ ਲੈਣ ਲਈ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲਿਆਉਣ। ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਲਾਲਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਸਾਵਧਾਨ ਰਹਿਣ, ਜੋ ਪੈਸਿਆਂ ਦੇ ਬਦਲੇ ਭਰਤੀ ਜਾਂ ਚੋਣ ਦੇ ਝੂਠੇ ਵਾਅਦੇ ਕਰ ਸਕਦੇ ਹਨ। ਭਾਰਤੀ ਫੌਜ ਵਿੱਚ ਭਰਤੀ ਸਿਰਫ਼ ਯੋਗਤਾ ਅਤੇ ਸਥਾਪਤ ਚੋਣ ਮਾਪਦੰਡਾਂ ਦੇ ਆਧਾਰ ’ਤੇ ਹੁੰਦੀ ਹੈ। ਕੋਈ ਵੀ ਵਿਅਕਤੀ ਜਾਂ ਏਜੰਟ ਚੋਣ ਦੀ ਗਾਰੰਟੀ ਨਹੀਂ ਦੇ ਸਕਦਾ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਰਤੀ ਵਿੱਚ ਮਦਦ ਜਾਂ ਚੋਣ ਦਾ ਵਾਅਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਪੈਸਿਆਂ ਦੀ ਮੰਗ ਬਾਰੇ ਤੁਰੰਤ ਭਰਤੀ ਅਧਿਕਾਰੀਆਂ ਨੂੰ ਸੂਚਿਤ ਕਰਨ। ਭਾਰਤੀ ਫੌਜ ਸਾਰੇ ਯੋਗ ਨੌਜਵਾਨਾਂ, ਖਾਸ ਕਰਕੇ ਮਹਿਲਾ ਉਮੀਦਵਾਰਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਅਤੇ ਮਾਣ, ਸਨਮਾਨ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਸਤੇ ਉਤਸ਼ਾਹਿਤ ਕਰਦੀ ਹੈ। ਭਾਰਤੀ ਫੌਜ ਸਾਰੇ ਯੋਗ ਨੌਜਵਾਨਾਂ, ਖਾਸ ਕਰਕੇ ਮਹਿਲਾ ਉਮੀਦਵਾਰਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਅਤੇ ਮਾਣ, ਸਨਮਾਨ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਸਤੇ ਉਤਸ਼ਾਹਿਤ ਕਰਦੀ ਹੈ।

ਉਮੀਦਵਾਰ ਭਰਤੀ ਰੈਲੀ ਦੌਰਾਨ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ ਲਈ ਲੋੜੀਂਦੇ ਵੱਖ-ਵੱਖ ਦਸਤਾਵੇਜ਼ਾਂ ਬਾਰੇ ਜਾਣਕਾਰੀ ਲੈਣ ਵਾਸਤੇ ਹੇਠਾਂ ਦਿੱਤੇ ਕਿਊਆਰ ਕੋਡ ਨੂੰ ਸਕੈਨ ਕਰ ਸਕਦੇ ਹਨ।