ਚੰਡੀਗੜ੍ਹ, 18 ਨਵੰਬਰ 2026 (ਹਰਮਿੰਦਰ ਨਾਗਪਾਲ):- ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਟੀ ਸਕੱਤਰੇਤ, ਚੰਡੀਗੜ੍ਹ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਤਰਸ ਦੇ ਆਧਾਰ ’ਤੇ ਨਿਯੁਕਤ ਕੀਤੇ ਗਏ ਸੱਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਮਰਹੂਮ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣਾ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਆਪਣਾ ਜੀਵਨ ਮੁੜ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਨਾ ਹੈ।
ਨਿਯੁਕਤ ਕੀਤੇ ਗਏ ਸੱਤ ਉਮੀਦਵਾਰਾਂ ਵਿੱਚੋਂ ਪੰਜ ਮਰਹੂਮ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਹਨ, ਜਦਕਿ ਕੁੱਲ ਛੇ ਔਰਤਾਂ ਨੂੰ ਨਿਯੁਕਤੀ ਦਿੱਤੀ ਗਈ ਹੈ। ਇਹ ਚੰਡੀਗੜ੍ਹ ਪ੍ਰਸ਼ਾਸਨ ਦੀ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਪਰਿਵਾਰ ਦੇ ਕਮਾਊ ਮੈਂਬਰ ਦੀ ਮੌਤ ਤੋਂ ਬਾਅਦ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੱਤਰ ਸਿੱਖਿਆ ਦੀ ਪ੍ਰਧਾਨਗੀ ਹੇਠ ਗਠਿਤ ਸਿਖਰਲੀ ਕਮੇਟੀ (ਐਪੈਕਸ ਕਮੇਟੀ) ਨੇ ਵਿਸਥਾਰਪੂਰਵਕ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਤੋਂ ਬਾਅਦ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ।
ਹਰੇਕ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਪਰਿਵਾਰ ਦੀ ਆਰਥਿਕ ਸਥਿਤੀ, ਦੇਣਦਾਰੀਆਂ, ਆਸ਼ਰਿਤ ਮੈਂਬਰਾਂ ਦੀ ਗਿਣਤੀ, ਆਮਦਨ ਦੇ ਉਪਲਬਧ ਸਰੋਤਾਂ, ਪੈਨਸ਼ਨ ਸਬੰਧੀ ਲਾਭਾਂ ਅਤੇ ਹੋਰ ਸਬੰਧਤ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਗਿਆ। ਚੋਣ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਅਧੀਨ ਭਾਰਤ ਸਰਕਾਰ ਦੇ ਲਾਗੂ ਦਿਸ਼ਾ-ਨਿਰਦੇਸ਼ਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ, ਤਾਂ ਜੋ ਅਸਲ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।
ਉਮੀਦਵਾਰਾਂ ਦੀਆਂ ਵਿਦਿਅਕ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਖਰਲੀ ਕਮੇਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਢੁੱਕਵੇਂ ਅਹੁਦਿਆਂ ’ਤੇ ਨਿਯੁਕਤੀ ਲਈ ਹੇਠ ਲਿਖੇ ਸੱਤ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ:
- ਸੁਸ਼੍ਰੀ ਸੋਨੀਆ, ਸਵਰਗੀ ਸ੍ਰੀ ਸੁਰਿੰਦਰ ਸਿੰਘ ਦੀ ਪਤਨੀ — ਕਲਰਕ, ਕਾਮਨ ਕੈਡਰ।
- ਸੁਸ਼੍ਰੀ ਸੰਜੂ, ਸਵਰਗੀ ਸ੍ਰੀ ਦਿਨੇਸ਼ ਦੀ ਪਤਨੀ — ਮਲਟੀ-ਟਾਸਕਿੰਗ ਸਟਾਫ਼, ਅਸਟੇਟ ਦਫ਼ਤਰ।
- ਸੁਸ਼੍ਰੀ ਗੀਤਿਕਾ ਲਾਂਬਾ, ਸਵਰਗੀ ਸ੍ਰੀ ਸੰਦੀਪ ਕੁਮਾਰ ਦੀ ਪਤਨੀ — ਕਲਰਕ, ਕਾਮਨ ਕੈਡਰ।
- ਸੁਸ਼੍ਰੀ ਰਤਿੰਦਰ ਕੌਰ, ਸਵਰਗੀ ਸ੍ਰੀ ਇੰਦਰਜੀਤ ਸ਼ਰਮਾ ਦੀ ਪਤਨੀ — ਵਾਰਡਰ, ਮਾਡਲ ਜੇਲ੍ਹ।
- ਸ੍ਰੀ ਰੋਹਿਤ ਮਲਿਕ, ਸਵਰਗੀ ਸ੍ਰੀ ਰਜਨੀਸ਼ ਸਿੰਘ ਦੇ ਪੁੱਤਰ — ਮਲਟੀ-ਟਾਸਕਿੰਗ ਸਟਾਫ਼, ਸੀਟੀਯੂ ਵਿਭਾਗ।
- ਸੁਸ਼੍ਰੀ ਸੋਨਮ, ਸਵਰਗੀ ਸ੍ਰੀ ਚੰਦਰ ਸ਼ੇਖਰ ਦੀ ਪਤਨੀ — ਕਲਰਕ, ਕਾਮਨ ਕੈਡਰ।
- ਸੁਸ਼੍ਰੀ ਸਨੇਹਾ ਪੁਹਾਲ, ਸਵਰਗੀ ਸ੍ਰੀ ਵਿਨੋਦ ਕੁਮਾਰ ਦੀ ਅਣਵਿਆਹੀ ਧੀ — ਮਲਟੀ-ਟਾਸਕਿੰਗ ਸਟਾਫ਼, ਤਕਨੀਕੀ ਸਿੱਖਿਆ ਵਿਭਾਗ।
- ਇਹ ਉਪਰਾਲਾ ਸੰਵੇਦਨਸ਼ੀਲ ਪ੍ਰਸ਼ਾਸਨ, ਸਮਾਜਿਕ ਜ਼ਿੰਮੇਵਾਰੀ ਅਤੇ ਸੇਵਾ ਦੌਰਾਨ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਇਨ੍ਹਾਂ ਨਿਯੁਕਤੀਆਂ ਨਾਲ ਚੁਣੇ ਗਏ ਪਰਿਵਾਰਾਂ ਨੂੰ ਆਰਥਿਕ ਸਥਿਰਤਾ, ਸਨਮਾਨ ਅਤੇ ਬਿਹਤਰ ਭਵਿੱਖ ਦੀ ਨਵੀਂ ਉਮੀਦ ਮਿਲੇਗੀ।
- ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਵਿੱਤ ਸਕੱਤਰ ਸ੍ਰੀ ਦਿਪ੍ਰਵਾ ਲਾਕੜਾ, ਸਕੱਤਰ ਸਿੱਖਿਆ ਸੁਸ਼੍ਰੀ ਪ੍ਰੇਰਨਾ ਪੁਰੀ, ਸਕੱਤਰ ਕਰਮਚਾਰੀ ਸ੍ਰੀ ਸਵਪਨਿਲ ਐਮ. ਨਾਇਕ ਅਤੇ ਸਕੱਤਰ ਸੂਚਨਾ ਤਕਨਾਲੋਜੀ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਡੀ. ਕਾਰਤੀਕੇਯਨ ਵੀ ਮੌਜੂਦ ਸਨ।
