ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੂਟੋ ਮਜਾਰਾ ਵਿਖੇ ਜਨਮ ਅਸਥਾਨ ਕੁਟੀਆ ਬ੍ਰਹਮਲੀਨ 108 ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਮੱਖਣ ਸਿੰਘ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 20 ਸਤੰਬਰ ਤੋਂ ਸ਼ੁਰੂ ਕੀਤੇ ਗਏ 41 ਦਿਨਾਂ ਸ਼੍ਰੀ ਸੁਖਮਨੀ ਸਾਹਿਬ ਤੇ ਮੂਲ ਮੰਤਰ ਦੇ ਪਾਠ ਦੀ ਸੰਪੂਰਨਤਾ ਹੋਈ। ਇਹ ਸਮਾਗਮ ਬ੍ਰਹਮਲੀਨ ਬਾਬਾ ਦਲੇਲ ਸਿੰਘ ਜੀ ਦੀ 27ਵੀਂ ਸਾਲਾਨਾ ਬਰਸੀ, ਬ੍ਰਹਮਲੀਨ ਬਾਬਾ ਸਤਨਾਮ ਸਿੰਘ ਜੀ ਦੀ ਸਾਲਾਨਾ ਬਰਸੀ ਅਤੇ ਬ੍ਰਹਮਲੀਨ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 17ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਸੀ।

ਇਸ ਮੌਕੇ ਸਭ ਤੋਂ ਪਹਿਲਾਂ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਬਾਬਾ ਮੱਖਣ ਸਿੰਘ ਜੀ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਵੱਲੋਂ ਪਾਠ ਕਰਨ ਵਾਲੀਆਂ ਬੀਬੀਆਂ ਅਤੇ ਬੱਚੀਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਵਜੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਬਾਬਾ ਮੱਖਣ ਸਿੰਘ ਜੀ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਦੱਸਿਆ ਕਿ ਬ੍ਰਹਮਲੀਨ ਬਾਬਾ ਦਲੇਲ ਸਿੰਘ ਜੀ ਦੀ 27ਵੀਂ ਸਾਲਾਨਾ ਬਰਸੀ, ਬ੍ਰਹਮਲੀਨ ਬਾਬਾ ਸਤਨਾਮ ਸਿੰਘ ਜੀ ਦੀ ਸਾਲਾਨਾ ਬਰਸੀ ਅਤੇ ਬ੍ਰਹਮਲੀਨ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 17ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਸਮਾਗਮ 20 ਅਤੇ 21 ਨਵੰਬਰ ਨੂੰ ਹੋਣਗੇ।