ਬਲਾਚੌਰ, 11 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਜਖੇਵਾਲ ਵਿਖੇ ਸਤਿਕਾਰਯੋਗ ਸੰਤ ਬਾਬਾ ਢਾਂਗੂ ਵਾਲਿਆਂ ਜੀ ਦੀ ਅਪਾਰ ਕਿਰਪਾ ਸਦਕਾ ਕਰਵਾਏ ਜਾ ਰਹੇ 37ਵੇਂ ਵਿਸ਼ਾਲ ਕੁਸ਼ਤੀ ਦੰਗਲ ਦਾ ਪਹਿਲਾ ਦਿਨ ਪੂਰੇ ਜੋਸ਼, ਉਤਸ਼ਾਹ ਅਤੇ ਸ਼ਰਧਾ ਨਾਲ ਸ਼ੁਰੂ ਹੋਇਆ। ਦੰਗਲ ਦੇ ਪਹਿਲੇ ਹੀ ਦਿਨ ਦੂਰ-ਦੂਰ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਅਖਾੜੇ ਵਿੱਚ ਆਪਣੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਜ਼ਾਰਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪੂਰਾ ਪੰਡਾਲ ਪਹਿਲਵਾਨਾਂ ਦੇ ਹੌਸਲੇ ਅਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜਦਾ ਰਿਹਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਪੁੱਜੇ। ਉਨ੍ਹਾਂ ਦੇ ਪਹੁੰਚਣ ’ਤੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਬਾਬਾ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਇਲਾਕੇ ਦੀ ਖੁਸ਼ਹਾਲੀ, ਸ਼ਾਂਤੀ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ।

ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਕਿਹਾ ਕਿ ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ, ਜੀਵਨ ਵਿੱਚ ਅੱਗੇ ਵਧਣ ਅਤੇ ਲੋਕ ਸੇਵਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਮਿਲੀ ਹੈ। ਬਾਬਾ ਜੀ ਦਾ ਅਸ਼ੀਰਵਾਦ ਅਤੇ ਮਾਰਗਦਰਸ਼ਨ ਉਨ੍ਹਾਂ ਲਈ ਹਮੇਸ਼ਾ ਅਨਮੋਲ ਰਹੇਗਾ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਸਿੱਖਿਆ ਹੈ ਕਿ ਨਿਮਰਤਾ, ਸੇਵਾ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਕੰਮ ਹੀ ਅਸਲ ਪੂਜਾ ਹੈ ਅਤੇ ਉਹ ਇਸੇ ਰਾਹ ’ਤੇ ਚੱਲ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।

ਬਾਬਾ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ ਕਰਦਿਆਂ ਉਨ੍ਹਾਂ ਕਿਹਾ ਕਿ 37 ਸਾਲਾਂ ਤੋਂ ਲਗਾਤਾਰ ਹੋ ਰਿਹਾ ਇਹ ਦੰਗਲ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ, ਭਾਈਚਾਰਕ ਸਾਂਝ ਅਤੇ ਗੁਰੂ ਘਰ ਨਾਲ ਜੁੜੀ ਸ਼ਰਧਾ ਦਾ ਪ੍ਰਤੀਕ ਹੈ। ਅਜਿਹੇ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ, ਸਿਹਤ ਅਤੇ ਅਨੁਸ਼ਾਸਨ ਵੱਲ ਪ੍ਰੇਰਿਤ ਕਰਦੇ ਹਨ, ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਦੰਗਲ ਦੌਰਾਨ ਪਹਿਲਵਾਨਾਂ ਵਿਚਕਾਰ ਹੋਏ ਸਖ਼ਤ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਆਪਣੀਆਂ ਸੀਟਾਂ ’ਤੇ ਬੰਨ੍ਹੀ ਰੱਖਿਆ। ਛੋਟੇ ਪਹਿਲਵਾਨਾਂ ਤੋਂ ਲੈ ਕੇ ਵੱਡੇ ਪਹਿਲਵਾਨਾਂ ਤੱਕ ਸਾਰਿਆਂ ਨੇ ਆਪਣੀ ਤਾਕਤ ਅਤੇ ਹੁਨਰ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਪਹਿਲਵਾਨਾਂ ਅਤੇ ਦਰਸ਼ਕਾਂ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦੰਗਲ ਦੇ ਸਫ਼ਲ ਆਯੋਜਨ ਲਈ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਹਾਰ-ਜਿੱਤ ਤੋਂ ਵੱਧ ਮਹੱਤਵ ਖੇਡ ਭਾਵਨਾ ਅਤੇ ਅਨੁਸ਼ਾਸਨ ਦਾ ਹੁੰਦਾ ਹੈ ਅਤੇ ਜੋ ਨੌਜਵਾਨ ਅਖਾੜੇ ਵਿੱਚ ਪਸੀਨਾ ਵਹਾਉਂਦਾ ਹੈ, ਉਹ ਜ਼ਿੰਦਗੀ ਵਿੱਚ ਕਦੇ ਹਾਰਦਾ ਨਹੀਂ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਅਤੇ ਖੇਡ ਸਮਾਗਮਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।