ਗੜ੍ਹਸ਼ੰਕਰ, 17 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ 17 ਤੋਂ 21 ਨਵੰਬਰ ਤੱਕ ਕਰਵਾਇਆ ਜਾ ਰਿਹਾ 17ਵਾਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਅੱਜ ਓਲੰਪੀਅਨ ਸ. ਜਰਨੈਲ ਸਿੰਘ ਸਟੇਡੀਅਮ, ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਮੈਦਾਨ ਵਿੱਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਮੌਕੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਸੋਮਨਾਥ ਬੰਗੜ ਅਤੇ ਐਸ.ਡੀ.ਐਮ. ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਸਮੂਹ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਕਲੱਬ ਵੱਲੋਂ ਕਰਵਾਏ ਜਾ ਰਹੇ 17ਵੇਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਦਾ ਅੱਜ ਓਲੰਪੀਅਨ ਸ. ਜਰਨੈਲ ਸਿੰਘ ਸਟੇਡੀਅਮ, ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਆਗਾਜ਼ ਹੋਇਆ ਹੈ।

ਉਨ੍ਹਾਂ ਦੱਸਿਆ ਕਿ 17 ਤੋਂ 21 ਨਵੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਪਿੰਡ ਪੱਧਰ ਦੀਆਂ ਫੁੱਟਬਾਲ ਟੀਮਾਂ ਅਤੇ ਫੁੱਟਬਾਲ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅਥਲੈਟਿਕਸ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਹੋਣਗੇ ਅਤੇ ਲੰਬੀ ਛਾਲ ਤੇ ਗੋਲਾ ਸੁੱਟਣ ਦੇ ਸਿਰਫ਼ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। ਸਕੂਲ ਪੱਧਰ ਦੀਆਂ ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਵੀ ਹੋਣਗੇ। ਅੱਜ ਖੇਡੇ ਗਏ ਮੈਚਾਂ ਵਿੱਚ ਫੁੱਟਬਾਲ ਅਕੈਡਮੀ ਪਾਲਦੀ ਨੇ ਖੇਲੋ ਇੰਡੀਆ ਫਗਵਾੜਾ ਨੂੰ 4–2 ਨਾਲ ਹਰਾਇਆ, ਜਦਕਿ ਸਿੰਬਲੀ ਨੇ ਸੜੋਆ ਨੂੰ 5–3 ਨਾਲ ਹਰਾਇਆ। ਫੁੱਟਬਾਲ ਅਕੈਡਮੀ ਮਾਹਿਲਪੁਰ ਅਤੇ ਚੱਕ ਫੁੱਲੂ ਦੀਆਂ ਟੀਮਾਂ ਵੀ ਆਪਣੇ-ਆਪਣੇ ਮੁਕਾਬਲਿਆਂ ਵਿੱਚ ਜੇਤੂ ਰਹੀਆਂ।

ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਮਾਸਟਰ ਤੀਰਥ ਸਿੰਘ ਰੱਤੂ, ਸਤਨਾਮ ਸਿੰਘ ਪਾਰੋਵਾਲ, ਅਵਤਾਰ ਸਿੰਘ ਸੀਹਰਾ, ਰਜਿੰਦਰ ਸ਼ਬਲਾ, ਸੁਨੀਲ ਕੁਮਾਰ ਗੋਲਡੀ, ਕਮਲਜੀਤ ਬੈਂਸ, ਰਮਨ ਬੰਗਾ, ਸ਼ਲਿੰਦਰ ਰਾਣਾ, ਇੰਦਰ ਕੁਮਾਰ, ਕੇਵਲ ਸਿੰਘ ਭੱਜਲ, ਲਖਵਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਅਮਰੀਕ ਹਮਰਾਜ ਨੇ ਬਾਖੂਬੀ ਨਿਭਾਈ।