ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਧੁੰਦ ਦੀ ਸਮੱਸਿਆ ਵਧਣ ਲੱਗਦੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਕਾਰਨ ਸੜਕਾਂ ਉੱਤੇ ਦਿੱਖ ਘੱਟ ਹੋ ਜਾਂਦੀ ਹੈ। ਵਾਹਨ ਚਾਲਕਾਂ ਨੂੰ ਸਾਹਮਣੇ ਆ ਰਹੇ ਵਾਹਨਾਂ, ਮੋੜਾਂ, ਡਿਵਾਈਡਰਾਂ ਅਤੇ ਹੋਰ ਰੁਕਾਵਟਾਂ ਦਾ ਅੰਦਾਜ਼ਾ ਲਗਾਉਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੇ ਹਾਲਾਤ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਧੁੰਦ ਦੇ ਮੌਸਮ ਵਿੱਚ ਸੜਕ ਸੁਰੱਖਿਆ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਚਾਨਕ ਬਰੇਕ ਲਗਾਉਣ, ਗਲਤ ਢੰਗ ਨਾਲ ਓਵਰਟੇਕ ਕਰਨ ਜਾਂ ਲੇਨ ਬਦਲਣ ਨਾਲ ਟੱਕਰ ਦੀ ਸੰਭਾਵਨਾ ਵਧ ਜਾਂਦੀ ਹੈ। ਹਾਈਵੇਅ ਉੱਤੇ ਖੜ੍ਹੇ ਵਾਹਨ, ਬਿਨਾਂ ਰੌਸ਼ਨੀ ਵਾਲੀਆਂ ਟਰੈਕਟਰ-ਟਰਾਲੀਆਂ ਅਤੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵੀ ਖ਼ਤਰਾ ਬਣ ਸਕਦੀਆਂ ਹਨ। ਇੱਕ ਵਾਹਨ ਦੇ ਹਾਦਸੇ ਤੋਂ ਬਾਅਦ ਪਿੱਛੋਂ ਆਉਣ ਵਾਲੇ ਵਾਹਨ ਵੀ ਘੱਟ ਦਿੱਖ ਕਾਰਨ ਉਸ ਨਾਲ ਟਕਰਾ ਸਕਦੇ ਹਨ।
ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਸੜਕਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਜ਼ਰੂਰੀ ਹੈ। ਹਾਈਵੇਅ ਅਤੇ ਮੁੱਖ ਸੜਕਾਂ ਉੱਤੇ ਲੱਗੀਆਂ ਲਾਈਟਾਂ ਚਾਲੂ ਹੋਣੀਆਂ ਚਾਹੀਦੀਆਂ ਹਨ। ਮੋੜਾਂ, ਪੁਲਾਂ, ਕੱਟਾਂ ਅਤੇ ਚੌਕਾਂ ਉੱਤੇ ਚਮਕਦਾਰ ਸੰਕੇਤਕ ਬੋਰਡ ਲਗਾਏ ਜਾਣੇ ਚਾਹੀਦੇ ਹਨ। ਸੜਕਾਂ ਉੱਤੇ ਲੇਨ ਦਰਸਾਉਣ ਵਾਲੀਆਂ ਲਕੀਰਾਂ ਸਪੱਸ਼ਟ ਹੋਣ ਤਾਂ ਜੋ ਘੱਟ ਦਿੱਖ ਵਿੱਚ ਵੀ ਵਾਹਨ ਚਾਲਕ ਆਪਣੀ ਲੇਨ ਦੀ ਪਛਾਣ ਕਰ ਸਕਣ। ਡਿਵਾਈਡਰਾਂ, ਪੁਲਾਂ ਅਤੇ ਸੜਕ ਕਿਨਾਰਿਆਂ ਉੱਤੇ ਰਿਫਲੈਕਟਰ ਲਗਾਉਣ ਨਾਲ ਵੀ ਸੁਰੱਖਿਆ ਵਧਾਈ ਜਾ ਸਕਦੀ ਹੈ। ਜਿੱਥੇ ਲੋੜ ਹੋਵੇ, ਉੱਥੇ ਗਤੀ ਸੀਮਾ ਅਤੇ ਧੁੰਦ ਵਾਲੇ ਖੇਤਰਾਂ ਬਾਰੇ ਚੇਤਾਵਨੀ ਬੋਰਡ ਵੀ ਲਗਾਏ ਜਾਣੇ ਚਾਹੀਦੇ ਹਨ। ਧੁੰਦ ਵਿੱਚ ਵਾਹਨ ਦੀ ਗਤੀ ਘੱਟ ਰੱਖਣੀ ਅਤੇ ਅੱਗੇ ਚੱਲ ਰਹੇ ਵਾਹਨ ਤੋਂ ਉਚਿਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਲੋੜ ਅਨੁਸਾਰ ਫੌਗ ਲਾਈਟਾਂ ਅਤੇ ਲੋਅ ਬੀਮ ਹੈੱਡਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਾਈ ਬੀਮ ਲਾਈਟਾਂ ਦੀ ਬੇਲੋੜੀ ਵਰਤੋਂ ਸਿਰਫ਼ ਧੁੰਦ ਵਿੱਚ ਹੀ ਨਹੀਂ, ਆਮ ਮੌਸਮ ਵਿੱਚ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਤੇਜ਼ ਲਾਈਟਾਂ ਦੂਜੇ ਚਾਲਕ ਦੀਆਂ ਅੱਖਾਂ ਵਿੱਚ ਕੁਝ ਪਲਾਂ ਲਈ ਦਿੱਖ ਘਟਾ ਦਿੰਦੀਆਂ ਹਨ। ਧੁੰਦ ਵਿੱਚ ਇਹ ਖ਼ਤਰਾ ਹੋਰ ਵਧ ਜਾਂਦਾ ਹੈ, ਕਿਉਂਕਿ ਤੇਜ਼ ਰੌਸ਼ਨੀ ਧੁੰਦ ਦੇ ਕਣਾਂ ਨਾਲ ਟਕਰਾ ਕੇ ਵਾਪਸ ਹੁੰਦੀ ਹੈ ਅਤੇ ਸਾਹਮਣੇ ਦੇਖਣਾ ਹੋਰ ਔਖਾ ਬਣਾ ਦਿੰਦੀ ਹੈ। ਇਸ ਲਈ ਬਿਨਾਂ ਲੋੜ ਹਾਈ ਬੀਮ ਦੀ ਵਰਤੋਂ ਤੋਂ ਬਚਣਾ ਅਤੇ ਸਾਹਮਣੇ ਤੋਂ ਵਾਹਨ ਆਉਣ ਸਮੇਂ ਲਾਈਟਾਂ ਲੋਅ ਬੀਮ ਉੱਤੇ ਕਰਨਾ ਹਰ ਚਾਲਕ ਦੀ ਜ਼ਿੰਮੇਵਾਰੀ ਹੈ। ਵਾਹਨ ਦੀਆਂ ਬਰੇਕਾਂ, ਟਾਇਰਾਂ, ਵਾਈਪਰਾਂ ਅਤੇ ਲਾਈਟਾਂ ਦੀ ਪਹਿਲਾਂ ਜਾਂਚ ਕਰਨੀ ਚਾਹੀਦੀ ਹੈ। ਬਿਨਾਂ ਲੋੜ ਓਵਰਟੇਕ ਕਰਨ ਅਤੇ ਅਚਾਨਕ ਲੇਨ ਬਦਲਣ ਤੋਂ ਵੀ ਬਚਣਾ ਚਾਹੀਦਾ ਹੈ। ਜੇਕਰ ਦਿੱਖ ਬਹੁਤ ਘੱਟ ਹੋਵੇ ਤਾਂ ਸੁਰੱਖਿਅਤ ਥਾਂ ਉੱਤੇ ਵਾਹਨ ਰੋਕ ਕੇ ਹਾਲਾਤ ਸੁਧਰਨ ਦੀ ਉਡੀਕ ਕਰਨੀ ਬਿਹਤਰ ਹੈ। ਤੇਜ਼ ਰਫ਼ਤਾਰ ਨਾਲ ਵਾਹਨ ਦੇ ਇੰਜਣ, ਟਾਇਰਾਂ ਅਤੇ ਬਰੇਕਾਂ ਉੱਤੇ ਵਾਧੂ ਦਬਾਅ ਪੈਂਦਾ ਹੈ, ਜਦਕਿ ਸੰਤੁਲਿਤ ਅਤੇ ਇਕਸਾਰ ਰਫ਼ਤਾਰ ਨਾਲ ਬਚਤ ਅਤੇ ਪੁਰਜ਼ਿਆਂ ਦੀ ਘਸਾਈ ਘਟ ਸਕਦੀ ਹੈ। ਧੁੰਦ ਵਿੱਚ 45 ਕਿਲੋਮੀਟਰ ਪ੍ਰਤੀ ਘੰਟਾ ਵਰਗੀ ਸੰਭਾਲਵੀਂ ਰਫ਼ਤਾਰ ਵੀ ਸੜਕ ਦੀ ਦਿੱਖ ਅਤੇ ਹਾਲਾਤਾਂ ਅਨੁਸਾਰ ਹੀ ਰੱਖਣੀ ਚਾਹੀਦੀ ਹੈ।
ਸਕੂਲੀ ਵਾਹਨਾਂ ਦੀ ਸੁਰੱਖਿਆ ਇਸ ਮੌਸਮ ਵਿੱਚ ਵਿਸ਼ੇਸ਼ ਧਿਆਨ ਮੰਗਦੀ ਹੈ। ਸਵੇਰ ਵੇਲੇ ਬੱਚੇ ਅਕਸਰ ਉਸ ਸਮੇਂ ਸਕੂਲ ਜਾਂਦੇ ਹਨ ਜਦੋਂ ਧੁੰਦ ਸਭ ਤੋਂ ਵੱਧ ਹੁੰਦੀ ਹੈ। ਸਕੂਲ ਬੱਸਾਂ ਅਤੇ ਵੈਨਾਂ ਦੀਆਂ ਲਾਈਟਾਂ, ਬਰੇਕਾਂ, ਟਾਇਰਾਂ ਅਤੇ ਰਿਫਲੈਕਟਰਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਵਾਹਨਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਹੀਂ ਬਿਠਾਉਣੇ ਚਾਹੀਦੇ। ਡਰਾਈਵਰਾਂ ਨੂੰ ਧੁੰਦ ਵਿੱਚ ਵਾਹਨ ਚਲਾਉਣ ਬਾਰੇ ਸਿਖਲਾਈ ਦੇਣੀ ਅਤੇ ਉਨ੍ਹਾਂ ਦੇ ਕੰਮ ਦੇ ਘੰਟਿਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਵੀ ਆਵਾਜਾਈ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਸੜਕ ਸੁਰੱਖਿਆ ਦਾ ਇੱਕ ਹੋਰ ਅਹਿਮ ਪੱਖ ਐਮਰਜੈਂਸੀ ਸਹਾਇਤਾ ਹੈ। ਹਾਈਵੇਅ ਅਤੇ ਮੁੱਖ ਸੜਕਾਂ ਉੱਤੇ ਐਂਬੂਲੈਂਸ, ਕਰੇਨ ਅਤੇ ਮਦਦਗਾਰ ਟੀਮਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਪੁਲਿਸ, ਸਿਹਤ ਵਿਭਾਗ, ਟਰੈਫਿਕ ਕਰਮਚਾਰੀਆਂ ਅਤੇ ਸੜਕ ਪ੍ਰਬੰਧਨ ਨਾਲ ਜੁੜੀਆਂ ਸੰਸਥਾਵਾਂ ਵਿਚਕਾਰ ਤਾਲਮੇਲ ਹੋਣਾ ਜ਼ਰੂਰੀ ਹੈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਸਵੇਰ ਅਤੇ ਰਾਤ ਵੇਲੇ ਚਮਕਦਾਰ ਰੰਗਾਂ ਦੇ ਕੱਪੜੇ ਪਹਿਨਣੇ ਅਤੇ ਸੜਕ ਪਾਰ ਕਰਨ ਲਈ ਨਿਰਧਾਰਤ ਥਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖੇਤੀਬਾੜੀ ਵਾਲੇ ਵਾਹਨਾਂ ਉੱਤੇ ਰਿਫਲੈਕਟਰ ਲਗਾਉਣੇ ਅਤੇ ਪਿਛਲੀਆਂ ਲਾਈਟਾਂ ਚਾਲੂ ਰੱਖਣੀਆਂ ਜ਼ਰੂਰੀ ਹਨ। ਸੜਕਾਂ ਉੱਤੇ ਖੁੱਲ੍ਹੇ ਘੁੰਮਦੇ ਪਸ਼ੂ ਵੀ ਧੁੰਦ ਦੌਰਾਨ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਅਤ ਸੰਭਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਧੁੰਦ ਨੂੰ ਰੋਕਣਾ ਮਨੁੱਖ ਦੇ ਵੱਸ ਵਿੱਚ ਨਹੀਂ, ਪਰ ਇਸ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਤਿਆਰੀ ਜ਼ਰੂਰ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਨੂੰ ਧੁੰਦ ਸ਼ੁਰੂ ਹੋਣ ਤੋਂ ਪਹਿਲਾਂ ਸੜਕਾਂ ਦੀ ਜਾਂਚ ਅਤੇ ਲੋੜੀਂਦੇ ਸੁਧਾਰ ਕਰਨੇ ਚਾਹੀਦੇ ਹਨ, ਜਦਕਿ ਵਾਹਨ ਚਾਲਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੜਕ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ। ਸਾਵਧਾਨੀ ਅਤੇ ਤਿਆਰੀ ਨਾਲ ਧੁੰਦ ਦੇ ਮੌਸਮ ਵਿੱਚ ਹਾਦਸਿਆਂ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ।
- ਦਵਿੰਦਰ ਕੁਮਾਰ
