ਐਨ. ਆਰ. ਆਈ. ਨੇ ਲਾਏ ਪੁਲਿਸ ’ਤੇ ਕੁੱਟਮਾਰ ਮਾਮਲੇ ਵਿਚ ਕਾਰਵਾਈ ਨਾ ਕਰਨ ਦੇ ਦੋਸ਼

ਪਟਿਆਲਾ, 24 ਨਵੰਬਰ - ਪਟਿਆਲਾ ਜ਼ਿਲ੍ਹੇ ਦੇ ਗੂਹਲਾ-ਚੀਕਾ ਰੋਡ ’ਤੇ ਸਥਿਤ ਪਿੰਡ ਸਲੇਮਪੁਰ ਜੱਟਾਂ ਦੇ ਵਸਨੀਕ ਤੇ ਹੁਣ ਗ੍ਰੀਸ ਦੇ ਐਨ ਆਰ ਆਈ ਹਰਮੇਸ਼ ਸਿੰਘ ਨੇ ਪੁਲਿਸ ’ਤੇ ਦੋਸ਼ ਲਾਏ ਹਨ ਕਿ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ।

ਪਟਿਆਲਾ, 24 ਨਵੰਬਰ - ਪਟਿਆਲਾ ਜ਼ਿਲ੍ਹੇ ਦੇ ਗੂਹਲਾ-ਚੀਕਾ ਰੋਡ ’ਤੇ ਸਥਿਤ ਪਿੰਡ ਸਲੇਮਪੁਰ ਜੱਟਾਂ ਦੇ ਵਸਨੀਕ ਤੇ ਹੁਣ ਗ੍ਰੀਸ ਦੇ ਐਨ ਆਰ ਆਈ ਹਰਮੇਸ਼ ਸਿੰਘ ਨੇ ਪੁਲਿਸ ’ਤੇ ਦੋਸ਼ ਲਾਏ ਹਨ ਕਿ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ। 
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੇਸ਼ ਸਿੰਘ ਨੇ ਕਿਹਾ ਕਿ ਉਹ ਪਿਛਲੇ 23 ਸਾਲਾਂ ਤੋਂ ਗ੍ਰੀਸ ਰਹਿੰਦਾ ਹੈ। ਉਸਦੀ 6 ਕਿੱਲੇ ਜ਼ਮੀਨ ਸੀ ਜਿਸ ਵਿੱਚੋਂ 4 ਕਿੱਲੇ ਜ਼ਮੀਨ ਉਸਨੇ ਆਪਣੇ ਭਾਣਜੇ ਦੇ ਨਾਂ ਕਰ ਦਿੱਤੀ ਸੀ ਜਿਸਦਾ ਕੋਈ ਪੈਸਾ ਨਹੀਂ ਲਿਆ ਤੇ ਪਿੰਡ ਵਿਚ ਧੱਕੇ ਨਾਲ ਉਸਦੇ ਭਰਾ ਵੱਲੋਂ ਵਾਹੀ ਜਾ ਰਹੀ ਹੈ ਤੇ ਉਸਦੀ ਲੜਕੀ ਤੇ ਜਵਾਈ ਨੇ 21 ਨਵੰਬਰ ਨੂੰ ਭੁਨਰਹੇੜੀ ਅੱਡੇ ਵਿਚ ਉਸ ਨਾਲ ਕੁੱਟਮਾਰ ਕੀਤੀ ਹੈ ਤੇ ਉਹ ਰਾਜਿੰਦਰਾ ਹਸਪਤਾਲ ਦਾਖਲ ਸੀ ਜਿਥੋਂ ਬੀਤੇ ਕੱਲ੍ਹ ਹੀ ਛੁੱਟੀ ਮਿਲੀ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ ਹਰਮੇਸ਼ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਮਾਨਸਿਕ ਰੋਗੀ ਸੀ ਜਿਸ ਨਾਲ ਉਸਦਾ ਪੰਚਾਇਤੀ ਤੌਰ 'ਤੇ ਤਲਾਕ ਹੋ ਚੁੱਕਾ ਹੈ ਤੇ ਉਸਦੀ ਇਕ ਬੇਟੀ ਹੀ ਹੈ ਜਿਸਨੂੰ ਉਸਦੇ ਭਰਾ ਯਾਨੀ ਕੁੜੀ ਦੇ ਤਾਏ ਨੇ ਪਾਲ ਪੋਸ ਕੇ ਵੱਡੇ ਕੀਤਾ ਤੇ ਬਾਅਦ ਵਿਚ ਉਸਨੇ ਉਸਦਾ ਵਿਆਹ ਕੀਤਾ ਹੈ।
ਉਸਨੇ ਦੋਸ਼ ਲਾਇਆ ਕਿ ਮਾਮਲੇ ਵਿਚ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।

ਪਤਨੀ ਹਰਜਿੰਦਰ ਕੌਰ ਰਹਿੰਦੀ ਹੈ ਪਿੰਡ ’ਚ ਸਾਡੇ ਕੋਲ, ਸਿਰੇ ਦਾ ਫਰਾਡ ਹੈ ਹਰਮੇਸ਼ ਸਿੰਘ : ਹਰਨੇਕ ਸਿੰਘ
ਇਸ ਮਾਮਲੇ ਵਿਚ ਜਦੋਂ ਹਰਮੇਸ਼ ਸਿੰਘ ਦੇ ਵੱਡੇ ਭਰਾ ਹਰਨੇਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਹਰਮੇਸ਼ ਸਿੰਘ ਇਕ ਵੱਡਾ ਫਰਾਡ ਵਿਅਕਤੀ ਹੈ। ਪਿਛਲੇ 27 ਸਾਲਾਂ ਤੋਂ ਉਸਦੀ ਪਤਨੀ ਹਰਜਿੰਦਰ ਕੌਰ ਉਹਨਾਂ ਦੇ ਕੋਲ ਪਿੰਡ ਸਲੇਮਪੁਰ ਜੱਟਾਂ ਵਿਚ ਹੀ ਰਹਿ ਰਹੀ ਹੈ ਤੇ ਉਸਨੇ ਹੀ ਲੜਕੀ ਦਾ ਪਾਲਣ ਪੋਸ਼ਣ ਕੀਤਾ ਹੈ। ਉਹਨਾਂ ਦੱਸਿਆ ਕਿ  ਹਰਮੇਸ਼ ਨੇ 4 ਕਿੱਲੇ ਜ਼ਮੀਨ ਵੇਚ ਦਿੱਤੀ ਹੈ ਤੇ ਜਿਸ ਵਿਅਕਤੀ ਉਹ ਭਾਣਜਾ ਦੱਸ ਰਿਹਾ ਹੈ, ਉਹ ਤਾਂ ਸਾਡੀ ਬਿਰਾਦਰੀ ਦਾ ਹੀ ਨਹੀਂ ਤਾਂ ਫਿਰ ਭਾਣਜਾ ਕਿਵੇਂ ਹੋ ਗਿਆ। ਉਹਨਾਂ ਕਿਹਾ ਕਿ ਸਾਰਾ ਪਿੰਡ ਇਸ ਵਿਅਕਤੀ ਦੀ ਅਸਲੀਅਤ ਤੋਂ ਜਾਣੂ ਹੈ। ਇਸ ਨੇ ਇਥੇ ਭਾਰਤ ਵਿਚ ਵੀ ਇਕ ਜਨਾਨੀ ਰੱਖੀ ਹੋਈ ਹੈ ਤੇ ਵਿਦੇਸ਼ ਵਿਚ ਵੀ ਵਿਆਹ ਕਰਵਾਇਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਨੇ ਪਿੰਡ ਵਿਚ ਉਹਨਾਂ ਦੇ ਵੀ ਇੱਟਾਂ ਮਾਰੀਆਂ ਤੇ ਭੁਨਰਹੇੜੀ ਵਿਚ ਆਪਣੀ ਧੀ ਦੇ ਮੂੰਹ ’ਤੇ ਥੱਪੜ ਮਾਰਿਆ ਤੇ ਜਵਾਈ ਨੂੰ ਗਾਲ੍ਹਾਂ ਕੱਢੀਆਂ ਜਿਸ ਮਗਰੋਂ ਲੜਾਈ ਹੋਈ ਹੈ।
 "ਪਤਨੀ ਬੋਲੀ, ਮੇਰਾ ਕੋਈ ਤਲਾਕ ਨਹੀਂ ਹੋਇਆ"
ਧੀ ਰੂਬਲਪ੍ਰੀਤ ਕੌਰ ਤੇ ਪਤਨੀ ਹਰਜਿੰਦਰ ਕੌਰ
ਇਸ ਮਾਮਲੇ ਵਿਚ ਹਰਮੇਸ਼ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਕੋਈ ਤਲਾਕ ਨਹੀਂ ਹੋਇਆ। ਦੋ ਮਹੀਨੇ ਪਹਿਲਾਂ ਜਦੋਂ ਇਹ ਵਾਪਸ ਆਇਆ ਸੀ ਤਾਂ ਰਹਿੰਦੀ 2 ਕਿੱਲੇ ਜ਼ਮੀਨ ਵੇਚਣਾ ਚਾਹੁੰਦਾ ਸੀ ਪਰ ਸਥਾਨਕ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਹ ਜ਼ਮੀਨ ਪਤਨੀ ਦੇ ਹੱਕ ਵਿਚ ਛੁਡਵਾਈ ਸੀ ਪਰ ਅੱਜ ਉਸਦੇ ਨਾਂ ਇਸਨੇ ਨਹੀਂ ਕਰਵਾਈ। ਉਹਨਾਂ ਦੱਸਿਆ ਕਿ ਇਹ ਤਾਂ ਇਹੀ ਕਹਿ ਰਿਹਾ ਹੈ ਕਿ ਜ਼ਮੀਨ ਵੇਚ ਕੇ ਜਾਊਂਗਾ। ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਦੀ ਪਰਵਰਿਸ਼ ਵੀ ਉਹਨਾਂ ਦੇ ਜੇਠ ਨੰਬਰਦਾਰ ਹਰਨੇਕ ਸਿੰਘ ਨੇ ਕੀਤੀ ਹੈ ਤੇ ਸਾਰੇ ਖਰਚਾ ਕੀਤਾ ਹੈ। ਵਿਆਹ ਵਿਚ ਖਰਚਾ ਜ਼ਰੂਰ ਸਾਂਝਾ ਕੀਤਾ ਹੈ।
ਧੀ ਰੂਬਲਪ੍ਰੀਤ ਕੌਰ ਨੇ ਦੱਸਿਆ ਕਿ ਭੁਨਰਹੇੜੀ ਲੜਾਈ ਉਦੋਂ ਹੋਈ ਜਦੋਂ ਇਹਨਾਂ ਨੇ ਪਹਿਲਾਂ ਮੇਰੇ ਥੱਪੜ ਮਾਰਿਆ, ਫਿਰ ਮੇਰੇ ਜਵਾਈ ਨੂੰ ਇਹਨਾਂ ਅਤੇ ਇਹਨਾਂ ਨਾਲ ਆਏ 5-6 ਜਣਿਆਂ ਨੇ ਜ਼ਮੀਨ ’ਤੇ ਸੁੱਟ ਕੇ ਕੁੱਟਮਾਰ ਕੀਤੀ ਤੇ ਇਕ ਵਿਅਕਤੀ ਨੇ ਉਸ ’ਤੇ ਹਥਿਆਰ ਵੀ ਤਾਣਿਆ।

ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ : ਚੌਂਕੀ ਇੰਚਾਰਜ
ਇਸ ਮਾਮਲੇ ਵਿਚ ਜਦੋਂ ਭੁਨਰਹੇੜੀ ਦੇ ਚੌਂਕੀ ਇੰਚਾਰਜ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਹਰਮੇਸ਼ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਸੀਂ ਕੇਸ ਦਰਜ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ 7 ਸਾਲਾਂ ਤੋਂ ਘੱਟ ਸਜ਼ਾ ਵਾਲੇ ਕੇਸਾਂ ਵਿਚ ਪਹਿਲਾਂ ਦੂਜੀ ਧਿਰ ਨੂੰ ਨੋਟਿਸ ਭੇਜਣਾ ਪੈਂਦਾ ਹੈ ਤੇ ਉਹਨਾਂ ਦਾ ਪੱਖ ਲੈਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਅਸੀਂ ਨੋਟਿਸ ਭੇਜੇ ਹੋਏ ਹਨ ਤੇ ਪੂਰਨ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਾਂਗੇ। ਉਹਨਾਂ ਇਹ ਵੀ ਦੱਸਿਆ ਕਿ ਹਰਮੇਸ਼ ਦੇ ਭਰਾ ਹਰਨੇਕ ਸਿੰਘ ਤੇ ਹੋਰ ਪਿੰਡ ਵਾਲਿਆਂ ਨੇ ਚੌਂਕੀ ਆ ਕੇ ਦੱਸਿਆ ਹੈ ਕਿ ਇਸਨੇ ਗਲਤ ਪਰਚਾ ਦਰਜ ਕਰਵਾਇਆ ਹੈ। ਪੁਲਿਸ ਮਾਮਲੇ ਦੀ ਪੂਰੀ  ਜਾਂਚ ਉਪਰੰਤ ਹੀ ਅੱਗੇ ਕਾਰਵਾਈ ਕਰੇਗੀ।