
ਖਾਲਸਾ ਕਾਲਜ ਮਾਹਿਲਪੁਰ ਵਿੱਚ ਹਿੰਦੀ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ:- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹਿੰਦੀ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਵਕਤਾ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋਫੈਸਰ ਸੁਨੀਲ ਕੁਮਾਰ ਨੇ ਸ਼ਿਰਕਤ ਕੀਤੀ ਜਦਕਿ ਰਾਮਗੜੀਆ ਕਾਲਜ ਫਗਵਾੜਾ ਦੇ ਹਿੰਦੀ ਵਿਭਾਗ ਦੇ ਮੁਖੀ ਡਾ ਨੀਲੂ ਸ਼ਰਮਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ।
ਹੁਸ਼ਿਆਰਪੁਰ:- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹਿੰਦੀ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਵਕਤਾ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਪ੍ਰੋਫੈਸਰ ਸੁਨੀਲ ਕੁਮਾਰ ਨੇ ਸ਼ਿਰਕਤ ਕੀਤੀ ਜਦਕਿ ਰਾਮਗੜੀਆ ਕਾਲਜ ਫਗਵਾੜਾ ਦੇ ਹਿੰਦੀ ਵਿਭਾਗ ਦੇ ਮੁਖੀ ਡਾ ਨੀਲੂ ਸ਼ਰਮਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਡਾਕਟਰ ਦੀਪਕ ਨੇ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸਮਾਰੋਹ ਦੌਰਾਨ ਹਾਜ਼ਰ ਸਖਸ਼ੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਹਿੰਦੀ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ।
ਸਮਾਰੋਹ ਦੇ ਸਵਾਗਤੀ ਸ਼ਬਦ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਨੇ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਵਰਗੇ ਬਹੁ- ਭਾਸ਼ਾਈ ਦੇਸ਼ ਵਿਚ ਹਰ ਭਾਸ਼ਾ ਦੀ ਆਪਣੀ ਮੌਲਿਕ ਖੂਬਸੂਰਤੀ ਹੈ। ਉਨ੍ਹਾਂ ਵਿਦਿਆਰਥੀਆ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ, ਮਿਆਰੀ ਸਾਹਿਤ ਪੜ੍ਹਨ ਅਤੇ ਬਹੁ ਭਾਸ਼ਾਈ ਸੰਵਾਦ ਵਿੱਚ ਸਰਗਰਮ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਦਿੱਤੀ। ਸਮਾਰੋਹ ਦੇ ਵਿਸ਼ੇਸ਼ ਬੁਲਾਰੇ ਡਾ ਨੀਲੂ ਸ਼ਰਮਾ ਨੇ ਹਿੰਦੀ ਭਾਸ਼ਾ ਦੇ ਅਧਿਐਨ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ।
ਉਨ੍ਹਾਂ ਹਿੰਦੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਦੇ ਅਧਿਐਨ ਨਾਲ ਮੀਡੀਆ, ਅਨੁਵਾਦ, ਅਧਿਆਪਨ ਅਤੇ ਹੋਰ ਵਿਭਾਗਾਂ ਵਿੱਚ ਰੁਜ਼ਗਾਰ ਪ੍ਰਾਪਤੀ ਬਾਰੇ ਵਿਚਾਰ ਰੱਖੇ। ਇਸ ਮੌਕੇ ਸਮਾਰੋਹ ਦੇ ਮੁੱਖ ਵਕਤਾ ਪ੍ਰੋਫੈਸਰ ਸੁਨੀਲ ਕੁਮਾਰ ਨੇ ਕਿਹਾ ਕਿ ਭਾਰਤ ਦੀ ਹਰ ਭਾਸ਼ਾ ਆਪਣਾ ਵਿਲੱਖਣ ਇਤਿਹਾਸ ਰੱਖਣ ਕਰਕੇ ਰਾਸ਼ਟਰੀ ਭਾਸ਼ਾ ਹੀ ਹੈ ਪਰ ਹਿੰਦੀ ਆਪਣੇ ਇਤਿਹਾਸ, ਲੋਕ ਪ੍ਰਵਾਨਗੀ ਅਤੇ ਭਾਰਤੀ ਸੰਸਕ੍ਰਿਤੀ ਨਾਲ ਗਹਿਰੀ ਤੌਰ 'ਤੇ ਜੁੜੀ ਹੋਣ ਕਾਰਨ ਰਾਸ਼ਟਰ ਭਾਸ਼ਾ ਦਾ ਵਿਸੇਸ਼ ਰੁਤਬਾ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਭਾਸ਼ਾ ਉੱਤੇ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਹਰ ਖੇਤਰੀ ਭਾਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਪ੍ਰਤੀਕ ਹੈ ਜੋ ਕਿ ਮਨੁੱਖ ਨੂੰ ਮਨੁੱਖ ਨਾਲ ਤੋੜਦੀ ਨਹੀਂ, ਜੋੜਦੀ ਹੈ। ਉਨ੍ਹਾਂ ਹਿੰਦੀ ਭਾਸ਼ਾ ਵਿਚ ਰਚੇ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਸਾਹਿਤ ਦੀਆਂ ਮਿਸਾਲਾਂ ਦੇ ਕੇ ਇਸ ਭਾਸ਼ਾ ਵਿਚ ਸਮੇਂ ਸਮੇਂ 'ਤੇ ਪੇਸ਼ ਹੋਈ ਭਾਰਤੀ ਸੰਵੇਦਨਾ ਬਾਰੇ ਵਡਮੁੱਲੇ ਵਿਚਾਰ ਰੱਖੇ।
ਉਨ੍ਹਾਂ ਵਿਦਿਆਰਥੀਆਂ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਹਿੰਦੀ ਸਮੇਤ ਹਰ ਭਾਸ਼ਾ ਅਤੇ ਸਭਿਆਚਾਰ ਦੇ ਅਧਿਐਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਕੱਲ ਦੇ ਪਦਾਰਥਵਾਦੀ ਦੌਰ ਵਿੱਚ ਭਾਸ਼ਾ, ਕਲਾ ਅਤੇ ਸਾਹਿਤ ਹੀ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਕਰ ਸਕਦੇ ਹਨ।
ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਹਾਜ਼ਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਮੰਚ ਦੀ ਕਾਰਵਾਈ ਐੱਮ ਏ ਦੀ ਵਿਦਿਆਰਥਣ ਕਾਜਲ ਨੇ ਚਲਾਈ। ਇਸ ਮੌਕੇ ਪ੍ਰਿੰਸੀਪਲ ਡਾ ਰੋਹਤਾਂਸ਼, ਸਾਹਿਤਕਾਰ ਬਲਜਿੰਦਰ ਮਾਨ, ਡਾ ਰਾਜ ਕੁਮਾਰ, ਡਾ ਪਰਮਿੰਦਰ ਕੌਰ, ਪ੍ਰੋਫੈਸਰ ਨੈਨਸੀ, ਡਾ ਵਿਕਰਾਂਤ ਰਾਣਾ, ਡਾ ਕੋਮਲ ,ਪ੍ਰੋ ਅਸ਼ੋਕ ਕੁਮਾਰ, ਡਾ ਰਜਿੰਦਰ ਪ੍ਰਸਾਦ ਸਮੇਤ ਅਨੇਕਾਂ ਵਿਦਿਆਰਥੀ ਹਾਜ਼ਰ ਸਨ।
