ਪਟਿਆਲਾ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, 35 ਵਾਰਡਾਂ 'ਤੇ ਕਬਜ਼ਾ

ਪਟਿਆਲਾ, 21 ਦਸੰਬਰ- ਪਟਿਆਲਾ ਨਗਰ ਨਿਗਮ ਲਈ ਅੱਜ ਹੋਈ ਪੋਲਿੰਗ ਤੋਂ ਬਾਅਦ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ (ਆਪ) ਨੂੰ 35 ਸੀਟਾਂ 'ਤੇ ਜਿੱਤ ਹਾਸਲ ਕਰਕੇ ਵੱਡੀ ਸਫਲਤਾ ਮਿਲੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ 4-4 ਤੇ ਅਕਾਲੀ ਦਲ ਨੂੰ 2 ਸੀਟਾਂ ਹੀ ਮਿਲੀਆਂ ਹਨ। 12 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਕੁਝ ਵਿਅਕਤੀਆਂ ਵੱਲੋਂ ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰਾਂ ਵਾਲੀਆਂ ਫਾਈਲਾਂ ਖੋਹਣ ਅਤੇ ਪੱਤਰ ਪਾੜਨ ਦੀਆਂ ਘਟਨਾਵਾਂ ਮਗਰੋਂ ਅਦਾਲਤ ਦੇ ਹੁਕਮਾਂ ਦੇ ਮੱਦੇ ਨਜ਼ਰ 7 ਵਾਰਡਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਪਟਿਆਲਾ, 21 ਦਸੰਬਰ- ਪਟਿਆਲਾ ਨਗਰ ਨਿਗਮ ਲਈ ਅੱਜ ਹੋਈ ਪੋਲਿੰਗ ਤੋਂ ਬਾਅਦ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ (ਆਪ) ਨੂੰ 35 ਸੀਟਾਂ 'ਤੇ ਜਿੱਤ ਹਾਸਲ ਕਰਕੇ ਵੱਡੀ ਸਫਲਤਾ ਮਿਲੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ 4-4 ਤੇ ਅਕਾਲੀ ਦਲ ਨੂੰ 2 ਸੀਟਾਂ ਹੀ ਮਿਲੀਆਂ ਹਨ। 12 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਕੁਝ ਵਿਅਕਤੀਆਂ ਵੱਲੋਂ ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰਾਂ ਵਾਲੀਆਂ ਫਾਈਲਾਂ ਖੋਹਣ ਅਤੇ ਪੱਤਰ ਪਾੜਨ ਦੀਆਂ ਘਟਨਾਵਾਂ ਮਗਰੋਂ ਅਦਾਲਤ ਦੇ ਹੁਕਮਾਂ ਦੇ ਮੱਦੇ ਨਜ਼ਰ 7 ਵਾਰਡਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸੰਪੰਨ ਹੋਈ। ਸ਼ਾਮ 4 ਵਜੇ ਤੋਂ ਬਾਅਦ ਸਾਰੇ ਪੋਲਿੰਗ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ।
ਪਟਿਆਲਾ ਨਗਰ ਨਿਗਮ ਦੀਆਂ ਜਿਨ੍ਹਾਂ ਵਾਰਡਾਂ ਵਿੱਚ ਚੋਣ ਰੱਦ ਕੀਤੀ ਗਈ, ਉਨ੍ਹਾਂ ਵਿੱਚ 1, 32, 33, 36, 41, 48 ਅਤੇ 50 ਨੰਬਰ ਵਾਰਡ ਸ਼ਾਮਲ ਹਨ।

ਵਾਰਡ ਨੰਬਰ 40 ਵਿੱਚ ਹੰਗਾਮਾ

ਅੱਜ ਸਵੇਰੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਡ ਨੰਬਰ 40 ਵਿਚ ਹੰਗਾਮਾ ਖੜ੍ਹਾ ਹੋ ਗਿਆ।
ਭਾਜਪਾ ਆਗੂ ਜੈ ਇੰਦਰ ਕੌਰ ਆਪਣੇ ਸਮਰਥਕਾਂ ਸਮੇਤ ਉਥੇ ਪੁੱਜੇ। ਜੈਇੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਉਮੀਦਵਾਰ (ਭਾਜਪਾ) ਦਾ ਫੋਨ ਆਇਆ ਸੀ ਕਿ ਕੁਝ ਲੋਕ ਬਾਹਰੋਂ ਇੱਟਾਂ ਅਤੇ ਤਲਵਾਰਾਂ ਲੈ ਕੇ ਆਏ ਸਨ। ਜਿੱਥੇ ਬੂਥ ਬਣਾਏ ਜਾਣੇ ਸਨ, ਉਥੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।

ਭਾਜਪਾ ਉਮੀਦਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ !

 ਵਾਰਡ ਨੰਬਰ 34 ਵਿੱਚ ਵੀ ਹੰਗਾਮਾ ਹੋਇਆ। ਭਾਜਪਾ ਉਮੀਦਵਾਰ ਸੁਸ਼ੀਲ ਨਈਅਰ ਨੇ ਆਪਣੇ ਆਪ 'ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕ ਲਿਆ ਤੇ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਈ।  ਉਸਦਾ ਦੋਸ਼ ਸੀ ਕਿ ਉਥੇ ਕੁਝ ਲੋਕ ਜਾਅਲੀ ਵੋਟਾਂ ਪਾ ਰਹੇ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਐਸ ਐਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੋਲਿੰਗ ਬੂਥ ’ਤੇ ਕੈਮਰੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ਾਂ ਸਬੰਧੀ ਸ਼ਿਕਾਇਤ ਲਿਖਤੀ ਰੂਪ ਵਿੱਚ ਮਿਲੀ ਤਾਂ ਕਾਰਵਾਈ ਕੀਤੀ ਜਾਵੇਗੀ। 

ਪਟਿਆਲਾ ਜ਼ਿਲ੍ਹੇ ਵਿੱਚ 36 ਫ਼ੀਸਦ ਹੀ ਹੋਈ ਪੋਲਿੰਗ

ਪਟਿਆਲਾ ਜ਼ਿਲ੍ਹੇ ਵਿੱਚ ਕੁਲ 36 ਫ਼ੀਸਦ ਪੋਲਿੰਗ ਦਰਜ ਕੀਤੀ ਗਈ। ਪਟਿਆਲਾ ਨਗਰ ਨਿਗਮ ਦੀਆਂ ਸੀਟਾਂ ਲਈ ਮਹਿਜ਼ 33 ਫ਼ੀਸਦ ਹੀ ਵੋਟਾਂ ਪਈਆਂ। ਨਗਰ ਕੌਂਸਲ ਘੱਗਾ ਲਈ ਸਭ ਤੋਂ ਵੱਧ 78 ਫ਼ੀਸਦ, ਭਾਦਸੋਂ ਲਈ 74 ਫ਼ੀਸਦ, ਪਾਤੜਾਂ 'ਚ 67 ਫ਼ੀਸਦ, ਰਾਜਪੁਰਾ 'ਚ 54 ਤੇ ਨਾਭਾ 'ਚ 53 ਫ਼ੀਸਦ ਪੋਲਿੰਗ ਦਰਜ ਕੀਤੀ ਗਈ।

ਨੇਹਾ ਸੰਜੀਵ ਸ਼ਰਮਾ ਵੀ ਮਾਰ ਗਈ ਬਾਜ਼ੀ 

ਪਟਿਆਲਾ ਸ਼ਹਿਰ ਦੀ ਸਭ ਤੋਂ ਵੱਧ "ਹਾਟ ਸੀਟ" ਵਾਰਡ ਨੰਬਰ 22 ਦੀ ਮੰਨੀ ਜਾ ਰਹੀ ਸੀ, ਜਿੱਥੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੰਜੀਵ ਸ਼ਰਮਾ (ਕਾਲੂ) ਦੀ ਪਤਨੀ ਨੇਹਾ ਸ਼ਰਮਾ ਨੇ ਜਿੱਤ ਹਾਸਲ ਕੀਤੀ। 12 ਦਸੰਬਰ ਦੀਆਂ ਘਟਨਾਵਾਂ ਤੋਂ ਬਾਅਦ ਸੰਜੀਵ ਸ਼ਰਮਾ ਕਾਲੂ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸਦਾ ਦੋ ਵਾਰ ਪੁਲਿਸ ਰਿਮਾਂਡ ਵੀ ਦਿੱਤਾ ਗਿਆ। ਸੰਜੀਵ ਦੀ ਗ਼ੈਰਹਾਜ਼ਰੀ ਵਿਚ ਨੇਹਾ ਸ਼ਰਮਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਜ਼ੋਰਦਾਰ ਤਰੀਕੇ ਨਾਲ ਚੋਣ ਮੁਹਿੰਮ ਚਲਾਈ ਤੇ ਜਿੱਤ ਹਾਸਲ ਕੀਤੀ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਪੰਚਾਇਤ ਭਾਦਸੋਂ 'ਚ 74 ਫ਼ੀਸਦੀ ਤੇ ਘੱਗਾ 'ਚ 78 ਫ਼ੀਸਦੀ, ਨਗਰ ਕੌਂਸਲ ਨਾਭਾ ਦੀ ਇੱਕ ਵਾਰਡ ਲਈ 53 ਫ਼ੀਸਦੀ, ਪਾਤੜਾਂ ਦੀ ਇੱਕ ਵਾਰਡ ਲਈ 67 ਫ਼ੀਸਦੀ ਤੇ ਰਾਜਪੁਰਾ ਦੀ ਇੱਕ ਵਾਰਡ ਲਈ 54 ਫੀਸਦੀ ਵੋਟਿੰਗ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ 'ਚ ਆਮ ਆਦਮੀ ਪਾਰਟੀ ਦੇ 35 ਉਮੀਦਵਾਰ ਜੇਤੂ ਰਹੇ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ 4, ਕਾਂਗਰਸ ਦੇ 4 ਅਤੇ ਸ੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ ਅਤੇ 7 ਵਾਰਡਾਂ ਦੀ ਚੋਣ ਬਾਰੇ ਕੇਸ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਹੈ। 
 
 ਕੌਣ, ਕਿਸ ਵਾਰਡ ਤੋਂ ਜਿੱਤਿਆ

 ਇਸੇ ਦੌਰਾਨ ਨਗਰ ਨਿਗਮ ਦੀਆਂ ਵਾਰਡਾਂ 1 ਤੋਂ 14 ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕਨ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ ਕਾਂਗਰਸ ਦੇ ਹਰਵਿੰਦਰ ਸ਼ੁਕਲਾ, ਵਾਰਡ ਨੰਬਰ 3 ਤੋਂ ਆਪ ਦੀ ਜਤਿੰਦਰ ਕੌਰ ਐਸ.ਕੇ., ਵਾਰਡ ਨੰਬਰ 4 ਤੋਂ ਆਪ ਮਨਦੀਪ ਸਿੰਘ ਵਿਰਦੀ, ਵਾਰਡ ਨੰਬਰ 5 ਤੋਂ ਆਪ ਦੀ ਦਵਿੰਦਰ ਕੌਰ ਖ਼ਾਲਸਾ, ਵਾਰਡ ਨੰਬਰ 6 ਤੋਂ ਆਪ ਦੇ ਜਸਬੀਰ ਸਿੰਘ ਗਾਂਧੀ, ਵਾਰਡ ਨੰਬਰ 7 ਤੋਂ ਆਪ ਦੇ ਕੁਲਬੀਰ ਕੌਰ, ਵਾਰਡ ਨੰਬਰ 8 ਤੋਂ ਆਪ ਦੇ ਸ਼ੰਕਰ ਲਾਲ ਖੁਰਾਣਾ, ਵਾਰਡ ਨੰਬਰ 9 ਤੋਂ ਆਪ ਦੇ ਨੇਹਾ, ਵਾਰਡ ਨੰਬਰ 10 ਤੋਂ ਆਪ ਦੇ ਸ਼ਿਵਰਾਜ ਸਿੰਘ ਵਿਰਕ, ਵਾਰਡ ਨੰਬਰ 11 ਤੋਂ ਆਪ ਦੇ ਨਿਰਮਲਾ ਦੇਵੀ, ਵਾਰਡ ਨੰਬਰ 13 ਤੋਂ ਆਪ ਦੇ ਝਿਰਮਲਜੀਤ ਕੌਰ ਅਤੇ ਵਾਰਡ ਨੰਬਰ 14 ਤੋਂ ਆਪ ਦੇ ਗੁਰਕ੍ਰਿਪਾਲ ਸਿੰਘ ਜੇਤੂ ਰਹੇ ਹਨ।
ਵਾਰਡ ਨੰਬਰ 15 ਤੋਂ 29 ਤਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਵਾਰਡ ਨੰਬਰ 15 ਤੋਂ ਆਪ ਦੇ ਤੇਜਿੰਦਰ ਕੌਰ, ਵਾਰਡ ਨੰਬਰ 16 ਤੋਂ ਆਪ ਦੇ ਜਸਵੰਤ ਸਿੰਘ, ਵਾਰਡ ਨੰਬਰ 18 ਤੋਂ ਆਪ ਗਿਆਨ ਚੰਦ, ਵਾਰਡ ਨੰਬਰ 19 ਤੋਂ ਆਪ ਦੇ ਵਾਸੂ ਦੇਵ, ਵਾਰਡ ਨੰਬਰ 20 ਤੋਂ ਸ੍ਰੋਮਣੀ ਅਕਾਲੀ ਦਲ ਦੇ ਅਰਵਿੰਦਰ ਸਿੰਘ, ਵਾਰਡ ਨੰਬਰ 21 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 22 ਤੋਂ ਕਾਂਗਰਸ ਉਮੀਦਵਾਰ ਨੇਹਾ ਸ਼ਰਮਾ, ਵਾਰਡ ਨੰਬਰ 23 ਤੋਂ ਆਪ ਦੀ ਰੁਪਾਲੀ ਗਰਗ, ਵਾਰਡ ਨੰਬਰ 24 ਤੋਂ ਆਪ ਦੇ ਹਰੀ ਭਜਨ, ਵਾਰਡ ਨੰਬਰ 25 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 26 ਤੋਂ ਆਪ ਦੇ ਕੁਲਵੰਤ ਸਿੰਘ, ਵਾਰਡ ਨੰਬਰ 27 ਤੋਂ ਆਪ ਦੇ ਜੋਤੀ ਮਰਵਾਹਾ, ਵਾਰਡ ਨੰਬਰ 28 ਤੋਂ "ਆਪ" ਦੇ ਹਰਿੰਦਰ ਕੋਹਲੀ, ਵਾਰਡ ਨੰਬਰ 29 ਤੋਂ ਆਪ ਦੇ ਮੁਕਤਾ ਗੁਪਤਾ ਜੇਤੂ ਰਹੇ ਹਨ।
ਵਾਰਡ ਨੰਬਰ 30 ਤੋਂ 45 ਤੱਕ ਦੇ ਰਿਟਰਨਿੰਗ ਅਫ਼ਸਰ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਨੇ ਦੱਸਿਆ ਕਿ ਵਾਰਡ ਨੰਬਰ 30 ਤੋਂ ਆਪ ਦੇ ਕੁੰਦਨ ਗੋਗੀਆ, ਵਾਰਡ ਨੰਬਰ 31 ਤੋਂ ਆਪ ਦੇ ਪਦਮਜੀਤ ਕੌਰ, ਵਾਰਡ ਨੰਬਰ 34 ਤੋਂ ਆਪ ਦੇ ਤੇਜਿੰਦਰ ਮਹਿਤਾ, ਵਾਰਡ ਨੰਬਰ 35 ਤੋਂ ਭਾਰਤੀ ਜਨਤਾ ਪਾਰਟੀ ਦੇ ਕਮਲੇਸ਼ ਕੁਮਾਰੀ, ਵਾਰਡ ਨੰਬਰ 37 ਤੋਂ ਆਪ ਦੇ ਰੇਨੂ ਬਾਲਾ, ਵਾਰਡ ਨੰਬਰ 38 ਤੋਂ ਆਪ ਦੇ ਹਰਪਾਲ ਜੁਨੇਜਾ, ਵਾਰਡ ਨੰਬਰ 39 ਤੋਂ ਭਾਰਤੀ ਜਨਤਾ ਪਾਰਟੀ ਦੇ ਅਨਮੋਲ ਬਾਤਿਸ਼, ਵਾਰਡ ਨੰਬਰ 40 ਤੋਂ ਭਾਰਤੀ ਜਨਤਾ ਪਾਰਟੀ ਦੇ ਅਨੁਜ ਖੋਸਲਾ, ਵਾਰਡ ਨੰਬਰ 42 ਤੋਂ ਆਪ ਕ੍ਰਿਸ਼ਨ ਚੰਦ ਬੁੱਧੂ ਜੇਤੂ ਰਹੇ ਹਨ। ਵਾਰਡ ਨੰਬਰ 46 ਤੋਂ 60 ਤਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 46 ਤੋਂ ਆਪ ਦੇ ਜਗਤਾਰ ਸਿੰਘ ਤਾਰੀ, ਵਾਰਡ ਨੰਬਰ 47 ਤੋਂ ਕਾਂਗਰਸ ਦੇ ਰੁਬਾਨੀਆ ਦੱਤਾ, ਵਾਰਡ ਨੰਬਰ 49 ਤੋਂ ਆਪ ਦੀ ਨੇਹਾ ਸਿੱਧੂ, ਵਾਰਡ ਨੰਬਰ 53 ਤੋਂ ਭਾਰਤੀ ਜਨਤਾ ਪਾਰਟੀ ਦੇ ਵੰਦਨਾ ਜੋਸ਼ੀ, ਵਾਰਡ ਨੰਬਰ 54 ਤੋਂ ਆਪ ਦੇ ਜਗਮੋਹਨ ਸਿੰਘ, ਵਾਰਡ ਨੰਬਰ 55 ਤੋਂ ਆਪ ਦੇ ਕੰਵਲਜੀਤ ਕੌਰ ਜੱਗੀ, ਵਾਰਡ ਨੰਬਰ 57 ਤੋਂ ਆਪ ਦੇ ਰਮਿੰਦਰ ਕੌਰ, ਵਾਰਡ ਨੰਬਰ 58 ਤੋਂ ਆਪ ਦੇ ਗੁਰਜੀਤ ਸਿੰਘ ਸਾਹਨੀ, ਵਾਰਡ ਨੰਬਰ 59 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਅਤੇ ਵਾਰਡ ਨੰਬਰ 60 ਤੋਂ ਕਾਂਗਰਸ ਦੇ ਨਰੇਸ਼ ਕੁਮਾਰ ਦੁੱਗਲ ਜੇਤੂ ਰਹੇ ਹਨ।